ਸੀਵਰੇਜ ਪਲਾਂਟ ਦੀ ਬਦਬੂ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਵੱਲੋਂ ਪ੍ਰਦਰਸ਼ਨ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 9 ਸਤੰਬਰ
ਇੱਥੇ ਬਲਿਆਲ ਰੋਡ ਉਪਰ ਐਫ਼ਸੀਆਈ ਗੁਦਾਮਾਂ ਦੇ ਸਾਹਮਣੇ ਸਹਿਰ ਦੀ ਸੰਘਣੀ ਅਬਾਦੀ ਵਾਲੇ ਖੇਤਰ ਵਿੱਚ ਸਥਿਤ ਪੰਜਾਬ ਮੰਡੀ ਬੋਰਡ ਦੇ ਸੀਵਰੇਜ ਡਿਸਪੋਜ਼ਲ ਪਲਾਂਟ ਕਾਰਨ ਫੈਲ ਰਹੀ ਬਦਬੂ ਤੋਂ ਦੁਖੀ ਦੁਕਾਨਦਾਰਾਂ, ਮੁਹੱਲਾ ਨਿਵਾਸੀਆਂ ਤੇ ਰਾਹਗੀਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤਰਮੇਸ ਕਾਂਸਲ, ਮਲਕੀਤ ਸਿੰਘ, ਕੇਵਲ ਸਿੰਘ, ਰਾਜਾ ਰਾਮ, ਰੂਪ ਸਿੰਘ, ਸਰੀਫ਼ ਖਾਨ, ਤੇਜੀ ਸਿੰਘ, ਬੰਟੀ ਸਿੰਘ, ਤੇਜਾ ਸਿੰਘ, ਮੋਹਨ ਸਿੰਘ, ਸਤਨਾਮ ਉਰਫ ਸੱਤੀ ਤੇ ਬਿੱਲੂ ਨਦਾਮਪੁਰ ਨੇ ਦੱਸਿਆ ਕਿ ਬਲਿਆਲ ਰੋਡ ਉਪਰ ਐਫ਼ਸੀਆਈ ਗੁਦਾਮਾਂ ਦੇ ਬਿਲਕੁਲ ਸਾਹਮਣੇ ਸਥਿਤ ਪੰਜਾਬ ਮੰਡੀ ਬੋਰਡ ਦਾ ਸੀਵਰੇਜ ਦਾ ਡਿਸਪੋਜ਼ਲ ਪਲਾਂਟ ਇਥੋਂ ਦੇ ਵਸਨੀਕਾਂ, ਦੁਕਾਨਦਾਰਾਂ ਤੇ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣ ਚੱਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਡਿਸਪੋਜ਼ਲ ਪਲਾਂਟ ਵਿਚਲੇ ਪੰਪ ਅਪਰੇਟਰਾਂ ਵੱਲੋਂ ਦਿਨ ਵਿਚ ਖੂਹਾਂ ਵਿਚਲੇ ਪਾਣੀ ਨੂੰ ਕੱਢਣ ਲਈ ਮੋਟਰਾਂ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ’ਚੋਂ ਆਉਣ ਵਾਲੀ ਬਦਬੂ ਵਾਲੀ ਗੈਸ ਪੂਰੇ ਇਲਾਕੇ ’ਚ ਫੈਲ ਜਾਂਦੀ ਹੈ ਜਿਸ ਨਾਲ਼ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਮੁਹੱਲਾ ਨਿਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਨੇ ਇਸ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਤਾਂ ਉਹ ਬਲਿਆਲ ਰੋਡ ਸੜਕ ਉਪਰ ਆਵਾਜਾਈ ਠੱਪ ਕਰਕੇ ਪੱਕਾ ਧਰਨਾ ਦੇਣਗੇ।