For the best experience, open
https://m.punjabitribuneonline.com
on your mobile browser.
Advertisement

ਪੇਂਡੂ ਮਜ਼ਦੂਰਾਂ ਵੱਲੋਂ ਰੋਸ ਮੁਜ਼ਾਹਰੇ

08:01 AM Aug 29, 2024 IST
ਪੇਂਡੂ ਮਜ਼ਦੂਰਾਂ ਵੱਲੋਂ ਰੋਸ ਮੁਜ਼ਾਹਰੇ
ਗੁਰਦਾਸਪੁਰ ਵਿੱਚ ਬੀਡੀਪੀਓ ਦਫ਼ਤਰ ’ਚ ਧਰਨਾ ਦਿੰਦੇ ਹੋਏ ਮਜ਼ਦੂਰ। - ਫੋਟੋ: ਬੈਂਸ
Advertisement

ਪੱਤਰ ਪ੍ਰੇਰਕ
ਗੁਰਦਾਸਪੁਰ, 28 ਅਗਸਤ
ਪੇਂਡੂ ਮਜ਼ਦੂਰ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਬੀਡੀਪੀਓ ਦਫ਼ਤਰ ਗੁਰਦਾਸਪੁਰ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਯੂਨੀਅਨ ਵੱਲੋਂ ਬੀਡੀਪੀਓ ਰਾਹੀਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ਭੇਜਿਆ ਗਿਆ। ਧਰਨੇ ਨੂੰ ਇੰਦਰਜੀਤ ਕੌਰ ਕੋਟ ਟੋਡਰਮੱਲ, ਰੇਖਾ ਦੇਵੀ ਬਰਿਆਰ, ਸੁੱਚਾ ਸਿੰਘ ਨੀਲਕਲਾਂ, ਅਰਵਿੰਦਰ ਕੁਮਾਰ ਮਾੜੀ ਪੰਨਵਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਮੇਜਰ ਸਿੰਘ ਕੋਟਡਰਮੱਲ, ਰੂਪ ਲਾਲ ਮੁਸਤਫ਼ਾਬਾਦ, ਬਲਵੀਰ ਸਿੰਘ ਨੀਲਕਲਾਂ ਤੇ ਸੱਜਣ ਸਿੰਘ ਰਾਊਵਾਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਨੂੰ ਸਰਕਾਰਾਂ ਨੇ ਅਣਗੌਲਿਆ ਕੀਤਾ ਹੈ। ਇਸ ਮੌਕੇ ਲੈਂਡ ਸੀਲਿੰਗ ਐਕਟ ਸਖ਼ਤੀ ਨਾਲ ਲਾਗੂ ਕਰਨ, ਪੰਚਾਇਤੀ ਜ਼ਮੀਨਾਂ ਵਿੱਚੋਂ 1/3 ਹਿੱਸਾ ਦਲਿਤਾਂ ਨੂੰ ਪੱਕੇ ਤੌਰ ’ਤੇ ਦੇਣ, ਲਾਲ ਲਕੀਰ ਅੰਦਰ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ, ਮਨਰੇਗਾ ਸਕੀਮ ਤਹਿਤ ਪੂਰਾ ਸਾਲ ਰੁਜ਼ਗਾਰ ਦੇਣ, ਮਾਈਕਰੋ ਫਾਇਨਾਂਸ ਕੰਪਨੀਆਂ ਸਮੇਤ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਸਰਕਾਰੀ ਤੇ ਗੈਰ-ਸਰਕਾਰੀ ਮੁਆਫ਼ ਕਰਨ, ਬੁਢਾਪਾ ਪੈਨਸ਼ਨ 15 ਹਜ਼ਾਰ ਮਹੀਨਾ ਕਰਨਾ, ਹਰ ਖੇਤਰ ਵਿੱਚ ਮਜ਼ਦੂਰਾਂ ਦੀ ਦਿਹਾੜੀ ਇੱਕ ਹਜ਼ਾਰ ਰੁਪਏ ਕਰਨ ਅਤੇ ਐਤਵਾਰ ਦੀ ਛੁੱਟੀ ਦੇਣ ਦੀ ਮੰਗ ਕੀਤੀ।

Advertisement

ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਬਲਾਕ ਦਫ਼ਤਰ ਅੱਗੇ ਧਰਨਾ

ਜਲੰਧਰ: ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਦੇ ਜ਼ਮੀਨ, ਲਾਲ ਲਕੀਰ, ਘਰ, ਦਿਹਾੜੀ, ਕਰਜ਼ਾ ਮੁਆਫ਼ੀ ਅਤੇ ਸਮਾਜਿਕ ਜ਼ਬਰ ਦੇ ਖ਼ਾਤਮੇ ਵਰਗੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਕੰਪਨੀ ਬਾਗ ਸਥਿਤ ਬੀਡੀਪੀਓ ਜਲੰਧਰ ਪੱਛਮੀ ਦੇ ਦਫ਼ਤਰ ਅੱਗੇ ਤਿੰਨ ਘੰਟੇ ਤੋਂ ਵੱਧ ਸਮਾਂ ਧਰਨਾ ਦਿੱਤਾ ਗਿਆ ਅਤੇ ਇਸ ਮੌਕੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪਿੰਡ ਪੁਆਰਾ ਦੇ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਗੰਦੇ ਪਾਣੀ ਦੇ ਨਿਕਾਸੀ ਛੱਪੜ ਨੂੰ ਪੂਰਨ ਦੇ ਮਸਲੇ ਦੇ ਹੱਲ ਲਈ ਪ੍ਰਸ਼ਾਸਨਿਕ ਅਧਿਕਾਰੀਆਂ, ਨੈਸ਼ਨਲ ਹਾਈਵੇਅ ਅਥਾਰਟੀ ਦੇ ਨੁਮਾਇੰਦੇ ਮੱਖਣ ਸਿੰਘ ਮਾਨ ਅਤੇ ਯੂਨੀਅਨ ਦੇ ਆਗੂਆਂ ਦਰਮਿਆਨ ਹੋਈ ਮੀਟਿੰਗ ਦੌਰਾਨ ਅਥਾਰਿਟੀ ਨੂੰ ਲਿਖਤੀ ਰੂਪ ਵਿੱਚ ਇਕਰਾਰ ਕਰਨਾ ਪਿਆ ਕਿ ਜਿੰਨੀ ਦੇਰ ਗੰਦੇ ਪਾਣੀ ਦੇ ਨਿਕਾਸ ਲਈ ਨਵਾਂ ਛੱਪੜ ਨਹੀਂ ਬਣ ਜਾਂਦਾ, ਉੱਨੀ ਦੇਰ ਪਹਿਲੇ ਮੌਜੂਦ ਛੱਪੜ ਵਾਲੀ ਜ਼ਮੀਨ ਉੱਪਰ ਕੋਈ ਕੰਮ ਨਹੀਂ ਕੀਤਾ ਜਾਵੇਗਾ। ਬੀਡੀਪੀਓ ਸੇਵਾ ਸਿੰਘ ਨੇ ਮਗਨਰੇਗਾ ਵਰਕਰਾਂ ਨੂੰ ਜਲਦੀ ਹੀ ਕੰਮ ਮੁਹੱਈਆ ਕਰਵਾਉਣ ਸਮੇਤ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। -ਪੱਤਰ ਪ੍ਰੇਰਕ

Advertisement

Advertisement
Author Image

Advertisement