ਚੰਡੀਗੜ੍ਹ ਦੇ ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਮੁਜ਼ਾਹਰੇ
ਜਗਜੀਤ ਸਿੰਘ
ਮੁਕੇਰੀਆਂ, 9 ਦਸੰਬਰ
ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਬਿਜਲੀ ਵਿਭਾਗ ਅਤੇ ਯੂਟੀ ਬਿਜਲੀ ਬੋਰਡ ਨੂੰ ਤੋੜ ਕੇ ਨਿੱਜੀ ਕੰਪਨੀ ਨੂੰ ਸੌਂਪਣ ਖਿਲਾਫ਼ ਪਾਵਰਕੌਮ ਮੰਡਲ ਮੁਕੇਰੀਆਂ ਅਤੇ ਉੱਪ ਮੰਡਲ ਦਾਤਾਰਪੁਰ ਵਿੱਚ ਧਰਨੇ ਦਿੱਤੇ ਗਏ। ਮੁਕੇਰੀਆਂ ’ਚ ਪ੍ਰਦਰਸ਼ਨ ਦੀ ਅਗਵਾਈ ਫੈੱਡਰੇਸ਼ਨ ਦੇ ਮੰਡਲ ਪ੍ਰਧਾਨ ਜਗਦੀਸ਼ ਸਿੰਘ ਗੁੰਨੋਪੁਰ, ਭਾਰਤੀ ਮਜ਼ਦੂਰ ਸੰਘ ਦੇ ਮੰਡਲ ਪ੍ਰਧਾਨ ਸੁਰਜੀਤ ਕੁਮਾਰ, ਕੌਂਸਲ ਆਫ ਜੂਨੀਅਰ ਇੰਜਨੀਅਰ ਦੇ ਮੰਡਲ ਪ੍ਰਧਾਨ ਯਾਦਵਿੰਦਰ ਸਿੰਘ ਅਤੇ ਪੈਨਸ਼ਨਰ ਵੈੱਲਫੇਅਰ ਫੈੱਡਰੇਸ਼ਨ ਮੁਕੇਰੀਆਂ ਦੇ ਮੰਡਲ ਪ੍ਰਧਾਨ ਬਲਵਿੰਦਰ ਸਿੰਘ ਪੰਨਖੂਹ ਨੇ ਕੀਤੀ। ਰੈਲੀ ਵਿੱਚ ਫੈੱਡਰੇਸ਼ਨ ਦੇ ਸਰਕਲ ਪ੍ਰਧਾਨ ਤਰਲੋਕ ਸਿੰਘ ਅਤੇ ਬੀ.ਐਮ.ਐਸ ਦੇ ਸੂਬਾ ਪ੍ਰਧਾਨ ਸੁੱਚਾ ਸਿੰਘ ਨੇ ਵੀ ਸ਼ਿਰਕਤ ਕੀਤੀ। ਦਾਤਾਰਪੁਰ ਵਿੱਚ ਐਂਪਲਾਈਜ਼ ਫੈੱਡਰੇਸ਼ਨ (ਪਹਿਲਵਾਨ ਗਰੁੱਪ) ਅਤੇ ਟੀਐੱਸਯੂ ਵੱਲੋਂ ਪ੍ਰਧਾਨ ਲਾਲ ਚੰਦ ਜੇਈ ਅਤੇ ਕਮਲ ਕਿਸ਼ੋਰ ਜੇਈ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ। ਇਸ ਮੌਕੇ ਫੈੱਡਰੇਸ਼ਨ ਦੇ ਉੱਪ ਪ੍ਰਧਾਨ ਪਵਨ ਕੁਮਾਰ ਸ਼ਰਮਾ, ਸਕੱਤਰ ਵਿਨੋਦ ਕੁਮਾਰ, ਐੱਸਡੀਸੀ ਤਜਿੰਦਰ ਸਿੰਘ, ਕੈਸ਼ੀਅਰ ਮੀਨਾਕਸ਼ੀ ਠਾਕੁਰ, ਨੀਲਮ ਕੁਮਾਰੀ, ਅਮਿਤ ਕੁਮਾਰ, ਵਰਿੰਦਰ ਕੁਮਾਰ ਯੂਡੀਸੀ, ਸਮਸ਼ੇਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।
ਤਲਵਾੜਾ (ਦੀਪਕ ਤਲਵਾੜਾ): ਇੱਥੇ ਭਾਖੜਾ ਬਿਆਸ ਐਂਪਲਾਈਜ਼ ਯੂਨੀਅਨ (ਏਟਕ ਅਤੇ ਏਐੱਫ਼ਆਈ) ਵੱਲੋਂ ਜਨ ਸਭਾ ਕਰਵਾਈ ਗਈ। ਸਭਾ ਦੀ ਪ੍ਰਧਾਨਗੀ ਯੂਨੀਅਨ ਦੇ ਸਕੱਤਰ ਸ਼ਿਵ ਕੁਮਾਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਮੁਨਾਫ਼ਾ ਕਮਾਉਣ ਵਾਲੇ ਚੰਡੀਗੜ੍ਹ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ’ਚ ਦੇਣ ਜਾ ਰਿਹਾ ਹੈ ਜਿਸ ਦੇ ਖਿਲਾਫ਼ ਮੁਲਾਜ਼ਮ ਅਤੇ ਖਪਤਕਾਰ ਲਾਮਬੰਦ ਹੋ ਕੇ ਅੰਦੋਲਨ ਕਰ ਰਹੇ ਹਨ। ਸਾਥੀ ਸ਼ਿਵ ਕੁਮਾਰ ਨੇ ਕੇਂਦਰ ਸਰਕਾਰ ’ਤੇ ਕਾਰਪੋਰੇਟ ਪੱਖੀ ਹੋਣ ਦੇ ਦੋਸ਼ ਲਗਾਏ। ਯੂਨੀਅਨ ਆਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਨਿੱਜੀ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਵਿਭਾਗ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ। ਏਟਕ ਅਤੇ ਏਐੱਫ਼ਆਈ ਸੰਯੁਕਤ ਰੂਪ ’ਚ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦੀ ਹੈ। ਇਸ ਮੌਕੇ ਵਿੱਤ ਸਕੱਤਰ ਪ੍ਰੀਤਮ ਚੰਦ, ਅਸ਼ੋਕ ਕੁਮਾਰ ਅਤੇ ਸੋਮ ਰਾਜ ਨੇ ਸਰਕਾਰ ਨੂੰ ਫੈਸਲੇ ’ਤੇ ਮੁੜ ਨਜ਼ਰਸਾਨੀ ਕਰਨ ਦਾ ਮਸ਼ਵਰਾ ਦਿੰਦਿਆਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।