ਡੀਟੀਐੱਫ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰੇ
ਜਸਵੰਤ ਜੱਸ
ਫ਼ਰੀਦਕੋਟ, 8 ਅਗਸਤ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਅੱਜ ਇੱਥੇ ਅਧਿਆਪਕਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਮਕ ਰਹੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸ਼ਹਿਰ ’ਚ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਕੱਟੇ ਹੋਏ ਸਾਰੇ ਭੱਤੇ ਬਹਾਲ ਕੀਤੇ ਜਾਣ ਤੇ ਹੋਰ ਮੰਗਾਂ ਨੂੰ ਵੀ ਲਾਗੂ ਕੀਤਾ ਜਾਵੇ। ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨੇ ਤੋਂ ਬਾਅਦ ਐਲਾਨ ਕੀਤਾ ਕਿ ਜੇ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਤਾਂ ਡੀਟੀਐੱਫ਼ ਪੰਜਾਬ ਸਰਕਾਰ ਖਿਲਾਫ਼ ਸੂਬਾ ਪੱਧਰੀ ਅੰਦੋਲਨ ਕਰੇਗੀ। ਡੀਟੀਐੱਫ਼ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਅਧਿਆਪਕ ਆਗੂ ਗੁਰਪ੍ਰੀਤ ਸਿੰਘ ਰੰਧਾਵਾ, ਅਵਾਤਰਦੀਪ ਸਿੰਘ ਅਤੇ ਗਗਨ ਪਾਹਵਾ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਨਾਲ ਸਿਰਫ਼ ਉਹ ਘੋਲ ਦਾ ਆਗਾਜ਼ ਕਰ ਰਹੇ ਹਨ।
ਬਠਿੰਡਾ (ਸ਼ਗਨ ਕਟਾਰੀਆ): ਡੀਟੀਅੱੈਫ ਜ਼ਿਲ੍ਹਾ ਬਠਿੰਡਾ ਵੱਲੋਂ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਾਇਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਵੀ ਦਿੱਤਾ।
ਫਰੰਟ ਦੇ ਆਗੂਆਂ ਰੇਸ਼ਮ ਸਿੰਘ, ਜਸਵਿੰਦਰ ਸਿੰਘ, ਵਿਕਾਸ ਗਰਗ, ਬਲਜਿੰਦਰ ਸਿੰਘ, ਵਿਕਾਸ ਗਰਗ, ਕੁਲਵਿੰਦਰ ਸਿੰਘ ਵਿਰਕ, ਪਗੁਰਪ੍ਰੀਤ ਸਿੰਘ ਖੇਮੂਆਣਾ ਅਤੇ ਅਨਿਲ ਭੱਟ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਬਾਰੇ ਲਾਰੇ ਲੱਪਿਆਂ ਨਾਲ਼ ਡੰਗ ਟਪਾ ਰਹੀ ਹੈ। ਉਨ੍ਹਾਂ ਮੰਗਾਂ ਬਾਰੇ ਮੁੱਖ ਮੰਤਰੀ ਨੂੰ ਲਿਖ਼ਿਆ ਪੱਤਰ ਵੀ ਡੀ.ਸੀ. ਦਫ਼ਤਰ ਵਿਚ ਦਿੱਤਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐਫ) ਮਾਨਸਾ ਵੱਲੋਂ ਅੱਜ ਅਧਿਆਪਕਾਂ ਦੀਆਂ ਭਖਵੀਆਂ ਮੰਗਾਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਅੱਗੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਦੇ ਨੁਮਾਇੰਦੇ ਤਹਿਸੀਲਦਾਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ।