ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਵਾਉਣ ਖ਼ਿਲਾਫ਼ ਰੋਸ ਮੁਜ਼ਾਹਰੇ
ਪੱਤਰ ਪ੍ਰੇਰਕ
ਤਰਨ ਤਾਰਨ, 5 ਜੁਲਾਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਕਿਸਾਨਾਂ-ਮਜ਼ਦੂਰਾਂ ਨੇ ਇਕ ਵਿਧਾਇਕ ਵਲੋਂ ਸਰਹੱਦੀ ਖੇਤਰ ਦੇ ਪਿੰਡ ਤਲਵੰਡੀ ਸੋਭਾ ਸਿੰਘ ਦੀ ਪੰਚਾਇਤੀ ਜ਼ਮੀਨ ’ਤੇ ਆਪਣੇ ਸਮਰਥਕਾਂ ਦਾ ਕਥਿਤ ਕਬਜ਼ਾ ਕਰਵਾਉਣ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਵਿਧਾਇਕ ਦੇ ਪੁਤਲੇ ਸਾੜੇ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਜਥੇਬੰਦੀ ਦੇ ਬਾਬਾ ਬੁੱਢਾ ਸਾਹਿਬ ਜ਼ੋਨ ਦੇ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਵਿੱਚ ਕੋਟ ਧਰਮ ਚੰਦ ਕਲਾਂ ਦੇ ਅੱਡੇ ’ਤੇ ਆਵਾਜਾਈ ਰੋਕ ਕੇ ਵਿਧਾਇਕ ਦਾ ਪੁਤਲਾ ਸਾੜਿਆ| ਇਸੇ ਤਰ੍ਹਾਂ ਜਥੇਬੰਦੀ ਦੇ ਝੰਡੇ ਹੇਠ ਜ਼ਿਲ੍ਹੇ ਦੇ ਪਿੰਡ ਗੋਹਲਵੜ੍ਹ ਵਿੱਚ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਢੋਟੀਆਂ ਵਿੱਚ ਕੁਲਵੰਤ ਸਿੰਘ ਦੀ ਅਗਵਾਈ ਹੇਠ ਵਿਧਾਇਕ ਦੇ ਪੁਤਲੇ ਸਾੜੇ ਗਏ| ਜਥੇਬੰਦੀ ਦੇ ਆਗੂ ਹਰਪਲ ਸਿੰਘ ਪੰਡੋਰੀ ਦੀ ਅਗਵਾਈ ਵਿੱਚ ਮੰਨਣ ਪਿੰਡ ਦੇ ਟੌਲ ਪਲਾਜ਼ਾ ’ਤੇ ਵਿਧਾਇਕ ਦੀ ਅਰਥੀ ਫੂਕੀ| ਸਤਨਾਮ ਸਿੰਘ ਮਾਨੋਚਾਹਲ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਥੇਬੰਦੀ ਪੰਚਾਇਤ ਦੀ ਜ਼ਮੀਨ ’ਤੇ ਧੱਕੇ ਨਾਲ ਕਿਸੇ ਨੂੰ ਕਬਜ਼ਾ ਨਹੀਂ ਕਰਨ ਦੇਵੇਗੀ। ਜਥੇਬੰਦੀ ਨੇ ਜ਼ਿਲ੍ਹੇ ਦੇ ਪੱਟੀ, ਹਰੀਕੇ, ਨੌਸ਼ਹਿਰਾ ਪੰਨੂਆਂ, ਵਲਟੋਹਾ ਆਦਿ ਦੇ ਇਲਾਕਿਆਂ ਦੇ ਪਿੰਡਾਂ ਅੰਦਰ ਵੀ ਵਿਧਾਇਕ ਦੇ ਪੁਤਲੇ ਸਾੜੇ ਅਤੇ ਸਰਕਾਰ ਨੂੰ ਅਜਿਹੀਆਂ ਧੱਕੇਸ਼ਾਹੀਆਂ ਤੋਂ ਬਾਜ ਆਉਣ ਲਈ ਆਖਿਆ|