ਅੰਬੇਡਕਰ ਦਾ ਬੁੱਤ ਤੋੜਨ ਖ਼ਿਲਾਫ਼ ਦਲਿਤ ਜਥੇਬੰਦੀਆਂ ਤੇ ਭਾਜਪਾ ਵੱਲੋਂ ਪੰਜਾਬ ਭਰ ’ਚ ਮੁਜ਼ਾਹਰੇ
ਚੰਡੀਗੜ੍ਹ, 28 ਜਨਵਰੀ
ਪੰਜਾਬ ਦੇ ਅੰਮ੍ਰਿਤਸਰ ਵਿੱਚ ਡਾ. ਬੀਆਰ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੇ ਵਿਰੋਧ ਵਿੱਚ ਦਲਿਤ ਜਥੇਬੰਦੀਆਂ ਦੇ ਬੰਦ ਦੇ ਸੱਦੇ ਤਹਿਤ ਅੱਜ ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਜਲੰਧਰ, ਫਗਵਾੜਾ, ਮੋਗਾ ਤੇ ਕੁਝ ਹੋਰ ਥਾਵਾਂ ’ਤੇ ਬਾਜ਼ਾਰ ਬੰਦ ਰਹੇ। ਭਾਜਪਾ ਦੀ ਸੂਬਾ ਇਕਾਈ ਨੇ ਵੀ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤੇ।
ਪੁਲੀਸ ਨੇ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਣ ਵਾਲੀ ‘ਹੈਰੀਟੇਜ ਸਟਰੀਟ’ ਉੱਤੇ ਸਥਿਤ ਟਾਊਨ ਹਾਲ ਵਿੱਚ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਐਤਵਾਰ ਨੂੰ ਮੋਗਾ ਜ਼ਿਲ੍ਹੇ ਦੇ ਧਰਮਕੋਟ ਦੇ ਵਸਨੀਕ ਆਕਾਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਘਟਨਾ ਦਾ ਇਕ ਕਥਿਤ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਹੈ, ਜਿਸ ਵਿੱਚ ਵਿਅਕਤੀ ਸਟੀਲ ਦੀ ਪੌੜੀ ਦੇ ਸਹਾਰੇ ਚੜ੍ਹਦਾ ਅਤੇ ਹਥੌੜੇ ਨਾਲ ਬੁੱਤ ’ਤੇ ਸੱਟ ਮਾਰਦਾ ਦਿਖ ਰਿਹਾ ਹੈ। ਪੰਜਾਬ ਭਰ ਵਿੱਚ ਵੱਖ ਵੱਖ ਦਲਿਤ ਜਥੇਬੰਦੀਆਂ ਦੇ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਗਣਤੰਤਰ ਦਿਵਸ ਮੌਕੇ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਲੁਧਿਆਣਾ ਵਿੱਚ ਵੱਖ ਵੱਖ ਦਲਿਤ ਜਥੇਬੰਦੀਆਂ ਦੇ ਮੈਂਬਰ ਘੰਟਾਘਰ ਕੋਲ ਇਕੱਤਰ ਹੋਏ ਅਤੇ ਉਨ੍ਹਾਂ ਦੋਸ਼ੀਆਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ ਵਿੱਚ ਜਲੰਧਰ ਬਾਈਪਾਸ ਵੀ ਜਾਮ ਕਰ ਦਿੱਤਾ। ਫਗਵਾੜਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਹ ਸ਼ਹਿਰ ਵਿੱਚ ਗੁਰੂ ਹਰਗੋਬਿੰਦ ਨਗਰ ਵਿੱਚ ਅੰਬੇਡਕਰ ਪਾਰਕ ਵਿਚ ਇਕੱਤਰ ਹੋਏ ਅਤੇ ਉੱਥੇ ਉਨ੍ਹਾਂ ਨੇ ਕੌਮੀ ਸ਼ਾਹਰਾਹ ਦੇ ਅੰਡਰਬ੍ਰਿਜ ਤੱਕ ਮਾਰਚ ਕੀਤਾ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਵਿਰੋਧ ਮਾਰਚ ਕੀਤਾ।
ਹੁਸ਼ਿਆਰਪੁਰ ਦੇ ਮੁਕੇਰੀਆਂ ਵਿੱਚ ਭਾਜਪਾ ਦਿਹਾਤੀ ਹੁਸ਼ਿਆਰਪੁਰ ਦੇ ਪ੍ਰਧਾਨ ਅਜੈ ਕੌਸ਼ਲ ਸੇਥੂ ਦੀ ਅਗਵਾਈ ਵਿੱਚ ਪ੍ਰਦਰਸ਼ਨਕਾਰੀਆਂ ਨੇ ਅੰਬੇਡਕਰ ਪਾਰਕ ਵਿੱਚ ਧਰਨਾ ਦਿੱਤਾ। ਇਸੇ ਤਰ੍ਹਾਂ ਹੋਰ ਸ਼ਹਿਰਾਂ ਵਿੱਚ ਵੀ ਦਲਿਤ ਜਥੇਬੰਦੀਆਂ ਅਤੇ ਭਾਜਪਾ ਇਕਾਈਆਂ ਨੇ ਪ੍ਰਦਰਸ਼ਨ ਕੀਤੇ। -ਪੀਟੀਆਈ