ਬੁੱਤ ਦੀ ਭੰਨ-ਤੋੜ: ਭਾਜਪਾ ਆਗੂਆਂ ਵੱਲੋਂ ਘਟਨਾ ਸਥਾਨ ਦਾ ਦੌਰਾ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਫਰਵਰੀ
ਯੂਪੀ ਦੇ ਸਾਬਕਾ ਡੀਜੀਪੀ ਅਤੇ ਰਾਜ ਸਭਾ ਮੈਂਬਰ ਬ੍ਰਿਜ ਲਾਲ ਨੇ ਦੋਸ਼ ਲਾਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੈਰੀਟੇਜ ਸਟਰੀਟ ਵਿੱਚ ਡਾ. ਬੀ ਆਰ ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ ਕਰਨ ਦੀ ਕੋਸ਼ਿਸ਼ ਦੇ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਭਾਜਪਾ ਵੱਲੋਂ ਬਣਾਈ ਗਈ ਛੇ ਮੈਂਬਰੀ ਉੱਚ ਪੱਧਰੀ ਟੀਮ ਨੇ ਇੱਥੇ ਹੈਰੀਟੇਜ ਸਟਰੀਟ ਵਿੱਚ ਘਟਨਾ ਸਥਾਨ ਦਾ ਦੌਰਾ ਕੀਤਾ ਹੈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਟੀਮ ਦੇ ਮੈਂਬਰਾਂ ਨੇ ਲੋਕਾਂ ਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਟੀਮ ਆਪਣੀ ਰਿਪੋਰਟ ਭਾਜਪਾ ਦੇ ਕੌਮੀ ਪ੍ਰਧਾਨ ਨੂੰ ਸੌਂਪੇਗੀ ਅਤੇ ਅੱਗੇ ਇਹ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪੀ ਜਾਵੇਗੀ। ਭਾਜਪਾ ਵੱਲੋਂ ਇਸ ਸਬੰਧ ਵਿੱਚ ਇੱਕ ਛੇ ਮੈਂਬਰੀ ਟੀਮ ਬਣਾਈ ਗਈ ਹੈ, ਜਿਸ ਵਿੱਚ ਉੱਤਰ ਪ੍ਰਦੇਸ਼ ਤੋਂ ਸਾਬਕਾ ਡੀਜੀਪੀ ਅਤੇ ਰਾਜ ਸਭਾ ਮੈਂਬਰ ਬ੍ਰਿਜ ਲਾਲ, ਅਨੁਸੂਚਿਤ ਜਾਤੀ ਮੋਰਚਾ ਦੇ ਕੌਮੀ ਪ੍ਰਧਾਨ ਲਾਲ ਸਿੰਘ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੌਮੀ ਬੁਲਾਰੇ ਗੁਰ ਪ੍ਰਕਾਸ਼ ਪਾਸਵਾਨ ਅਤੇ ਉੱਤਰ ਪ੍ਰਦੇਸ਼ ਦੇ ਮੰਤਰੀ ਅਸੀਮ ਅਰੁਣ ਸਮੇਤ ਅੰਬਾਲਾ ਤੇ ਬੰਤੋ ਦੇਵੀ ਕਟਾਰੀਆ ਸ਼ਾਮਲ ਹਨ।
ਘਟਨਾ ਸਥਾਨ ਦਾ ਦੌਰਾ ਕਰਨ ਮਗਰੋਂ ਬਾਅਦ ਭਾਜਪਾ ਦਫ਼ਤਰ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਸਾਬਕਾ ਡੀਜੀਪੀ ਅਤੇ ਰਾਜ ਸਭਾ ਮੈਂਬਰ ਬ੍ਰਿਜ ਲਾਲ ਨੇ ਕਿਹਾ ਕਿ ਮੁੱਖ ਮੰਤਰੀ ਜਾਣਦੇ ਹਨ ਕਿ ਜੇਕਰ ਇਸ ਮਾਮਲੇ ਦੀ ਜਾਂਚ ਹੋਈ ਤਾਂ ਇਸ ਦਾ ਸੇਕ ‘ਆਪ’ ਤੱਕ ਵੀ ਪੁੱਜੇਗਾ। ਉਨ੍ਹਾਂ ਦੋਸ਼ ਲਾਇਆ ਕਿ ਬਰੀਕੀ ਨਾਲ ਜਾਂਚ ਹੋਣ ਤੇ ਪੰਜਾਬ ਅਤੇ ਭਾਰਤ ਵਿਰੋਧੀ ਤਾਕਤਾਂ ਨਾਲ ਆਮ ਆਦਮੀ ਪਾਰਟੀ ਦੀ ਕਥਿਤ ਨੇੜਤਾ ਦੇ ਸਪੱਸ਼ਟ ਸਬੂਤ ਸਾਹਮਣੇ ਆਉਣਗੇ।
ਅਨੁਸੂਚਿਤ ਜਾਤੀ ਮੋਰਚਾ ਦੇ ਕੌਮੀ ਪ੍ਰਧਾਨ ਲਾਲ ਸਿੰਘ ਨੇ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਲੋਕਾਂ ਨੂੰ ਦੱਸਣ ਕਿ 26 ਜਨਵਰੀ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਹੁਣ ਤੱਕ ਮੁੱਖ ਮੰਤਰੀ ਘਟਨਾ ਸਥਾਨ ’ਤੇ ਕਿਉਂ ਨਹੀਂ ਆਏ ਤੇ ਨਾ ਹੀ ਉਨ੍ਹਾਂ ਕੋਈ ਬਿਆਨ ਜਾਰੀ ਕੀਤਾ ਹੈ। ਇਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਬਾਬਾ ਸਾਹਿਬ ਦੇ ਨਾਂ ਦੀ ਵਰਤੋਂ ਸਿਰਫ਼ ਆਪਣੀ ਸਿਆਸਤ ਲਈ ਕਰ ਰਹੀ ਹੈ।
ਭਾਜਪਾ ਦੇ ਕੌਮੀ ਬੁਲਾਰੇ ਗੁਰ ਪ੍ਰਕਾਸ਼ ਪਾਸਵਾਨ ਨੇ ਕਿਹਾ ਕਿ ਭਾਜਪਾ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਘਟਨਾ ਦੀ ਬਰੀਕੀ ਨਾਲ ਜਾਂਚ ਵਾਸਤੇ ਛੇ ਮੈਂਬਰ ਦਾ ਗਠਨ ਕਰਕੇ ਜਾਂਚ ਵਾਸਤੇ ਭੇਜਿਆ ਹੈ। ਇਹ ਵਫ਼ਦ ਜਾਂਚ ਰਿਪੋਰਟ ਬਣਾ ਕੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਦੇਵੇਗਾ।