ਜੇਈ ਦੀ ਬਦਲੀ ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 12 ਜੁਲਾਈ
ਪਾਵਰਕੌਮ ਲਲਤੋਂ ਕਲਾਂ ਦੇ ਜੇਈ ਚਮਕੌਰ ਸਿੰਘ ਦੀ ਸਿਆਸੀ ਅਧਾਰ ’ਤੇ ਕੀਤੀ ਬਦਲੀ ਨੂੰ ਰੱਦ ਕਰਵਾਉਣ ਲਈ ਬਿਜਲੀ ਮੁਲਾਜ਼ਮ ਅਤੇ ਇਲਾਕੇ ਦੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਲਲਤੋਂ ਕਲਾਂ ਡਵੀਜ਼ਨਲ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਤੋਂ ਇਲਾਵਾ ਭਾਕਿਯੂ ਏਕਤਾ (ਉਗਰਾਹਾਂ), ਜਮਹੂਰੀ ਕਿਸਾਨ ਸਭਾ, ਭਾਕਿਯੂ (ਡਕੌਂਦਾ), ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਅਤੇ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਅਗਵਾਈ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਾਇਆ ਕਿ ਜੇਈ ਚਮਕੌਰ ਸਿੰਘ ਦੀ ਬਦਲੀ ਸਿਆਸੀ ਅਧਾਰ ‘ਤੇ ਕੀਤੀ ਗਈ ਹੈ। ਬਦਲੀ ਦੀ ਜ਼ੋਰਦਾਰ ਨਿੰਦਾ ਕਰਦਿਆਂ ਸਾਰੇ ਬੁਲਾਰਿਆਂ ਨੇ ਬਦਲੀ ਰੱਦ ਕਰਨ ਦੀ ਮੰਗ ਕੀਤੀ। ਮੁਲਾਜ਼ਮ, ਪੈਨਸ਼ਨਰ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਇਲਾਕੇ ਦੇ ਪਿੰਡਾਂ ਵਿੱਚ ਝੰਡਾ ਮਾਰਚ ਕਰ ਕੇ ਲੋਕਾਂ ਦੀ ਸੱਥ ਵਿੱਚ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨ ਦਾ ਐਲਾਨ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਕਿਸਾਨ ਆਗੂ ਰਘਵੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਜਸਦੇਵ ਸਿੰਘ ਲਲਤੋਂ, ਚਰਨਜੀਤ ਸਿੰਘ ਫੱਲੇਵਾਲ਼, ਅਮਨਦੀਪ ਸਿੰਘ ਲਲਤੋਂ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।