ਜੇਸੀਟੀ ਮਿੱਲ ਦੇ ਕਾਮਿਆਂ ਵੱਲੋਂ ਰੋਸ ਰੈਲੀ
ਜਸਬੀਰ ਸਿੰਘ ਚਾਨਾ
ਫਗਵਾੜਾ, 18 ਅਕਤੂਬਰ
ਜੇਸੀਟੀ ਮਿੱਲ ਇੰਟਕ ਯੂਨੀਅਨ ਕਾਂਗਰਸ ਵੱਲੋਂ ਅੱਜ ਮਿੱਲ ਕਾਮਿਆਂ ਦੀਆਂ ਮੰਗਾਂ ਦੇ ਸਬੰਧ ਵਿੱਚ ਰੋਸ ਰੈਲੀ ਕੀਤੀ ਗਈ ਇਸ ਦੌਰਾਨ ਉਨ੍ਹਾਂ ਨੇ ਮਿੱਲ ਦੇ ਗੇਟ ਅੱਗੇ ਧਰਨਾ ਦਿੱਤਾ ਅਤੇ ਪੁਤਲੇ ਸਾੜੇ।
ਗੱਲਬਾਤ ਦੌਰਾਨ ਯੂਨੀਅਨ ਦੇ ਫਗਵਾੜਾ ਪ੍ਰਧਾਨ ਧਰਮਿੰਦਰ ਨੇ ਦੱਸਿਆ ਕਿ ਮਿੱਲ ਮਜ਼ਦੂਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਤਨਖ਼ਾਹਾਂ ਅਤੇ ਹੋਰ ਵਿੱਤੀ ਲਾਭਾਂ ਦੀ ਮੰਗ ਕਰ ਰਹੇ ਹਨ ਤੇ ਅਦਾਇਗੀ ਲਈ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਮਿੱਲ ਮਾਲਕਾਂ ਦੀ ਉੱਚੀ ਪਹੁੰਚ ਕਾਰਨ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮਿੱਲ ਮਾਲਕਾਂ ਨੇ ਅਜੇ ਤੱਕ ਬਿਜਲੀ ਦਾ ਬਕਾਇਆ ਬਿੱਲ ਵੀ ਜਮ੍ਹਾਂ ਨਹੀਂ ਕਰਵਾਇਆ ਜੇ ਅਜਿਹਾ ਹੁੰਦਾ ਹੈ ਤਾਂ ਉਹ ਕਾਲੀ ਦਿਵਾਲੀ ਮਨਾਉਣ ਲਈ ਮਜਬੂਰ ਹੋਣਗੇ। ਇਸ ਤੋਂ ਬਾਅਦ ਛੱਠ ਪੂਜਾ ਦਾ ਤਿਉਹਾਰ ਵੀ ਆਉਂਦਾ ਹੈ। ਇਸ ਮੌਕੇ ਮੋਹਿਤ ਸ਼ਰਮਾ, ਵਿਨੋਦ ਪਾਂਡੇ, ਸਕੱਤਰ ਸੁਜੀਤ ਕੁਮਾਰ, ਸ਼ਮਸ਼ੇਰ ਭਾਰਤੀ, ਹਨੀ, ਰਾਮ ਕ੍ਰਿਸ਼ਨ, ਮੁਕੇਸ਼, ਰਾਜੀਵ ਚੌਬੇ, ਗੀਤਾ ਯਾਦਵ, ਰਾਮ ਜਨਕ, ਦੀਪਾ, ਨਰਿੰਦਰ ਆਦਿ ਸ਼ਾਮਲ ਸਨ।