For the best experience, open
https://m.punjabitribuneonline.com
on your mobile browser.
Advertisement

ਮਾੜੀ ਬਿਜਲੀ ਸਪਲਾਈ ਤੋਂ ਅੱਕੇ ਕਿਸਾਨਾਂ ਵੱਲੋਂ ਰੋਸ ਧਰਨਾ

10:49 AM Jul 13, 2024 IST
ਮਾੜੀ ਬਿਜਲੀ ਸਪਲਾਈ ਤੋਂ ਅੱਕੇ ਕਿਸਾਨਾਂ ਵੱਲੋਂ ਰੋਸ ਧਰਨਾ
ਸਿਆੜ੍ਹ ਦਫ਼ਤਰ ਅੱਗੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਤੇ ਕਿਸਾਨ ਰੋਸ ਪ੍ਰਗਟਾਉਂਦੇ ਹੋਏ।
Advertisement

ਦੇਵਿੰਦਰ ਜੱਗੀ
ਪਾਇਲ, 12 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਸੈਕਟਰ ਨੂੰ ਮਿਲਦੀ ਤਰਸਯੋਗ ਬਿਜਲੀ ਸਪਲਾਈ ਖਿਲਾਫ਼ ਅੱਜ ਸਬ-ਡਿਵੀਜ਼ਨ ਸਿਆੜ੍ਹ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਖੇਤੀ ਲਈ ਦਿੱਤੀ ਜਾ ਰਹੀ ਨਾਕਸ ਬਿਜਲੀ ਸਪਲਾਈ ’ਚ ਸੁਧਾਰ ਕਰ ਕੇ ਸਰਕਾਰ ਅਤੇ ਪਾਵਰਕੌਮ ਦੇ ਐਲਾਨ ਮੁਤਾਬਕ ਘੱਟੋ-ਘੱਟ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ ਅਤੇ ਫੀਡਰ ’ਚ ਨੁਕਸ ਪੈਣ ਦੀ ਸੂਰਤ ਵਿੱਚ ਪੂਰਾ ਮੁਆਵਜ਼ਾ ਦਿੱਤਾ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਨਾਜਰ ਸਿੰਘ ਸਿਆੜ ਅਤੇ ਜਸਵੀਰ ਸਿੰਘ ਖੱਟੜਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਡੂੰਘੇ ਜਾ ਰਹੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਬਿਜਾਈ ਲੇਟ ਕਰਨ ਦੀਆਂ ਅਪੀਲਾਂ ਕਰ ਰਹੀ ਹੈ, ਜਿਸ ਕਾਰਨ ਕਿਸਾਨ ਆਪਣੀ ਜ਼ਿੰਮੇਵਾਰੀ ਸਮਝ ਕੇ ਝੋਨੇ ਦੀ ਬਿਜਾਈ ਪਛੜ ਕੇ ਕਰ ਰਿਹਾ ਹੈ, ਪਰ ਸਰਕਾਰ ਅਤੇ ਪਾਵਰਕੌਮ ਬਹੁਤ ਹੀ ਘੱਟ ਬਿਜਲੀ ਸਪਲਾਈ ਦੇ ਕੇ ਕਿਸਾਨਾਂ ਨੂੰ ਲੇਟ ਬਿਜਾਈ ਕਰਨ ਤੋਂ ਨਿਰਉਤਸ਼ਾਹਿਤ ਕਰ ਰਹੀ ਹੈ।
ਕਿਸਾਨ ਆਗੂਆਂ ਨੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਵਿੱਚ ਤੁਰੰਤ ਸੁਧਾਰ ਨਾ ਕੀਤਾ ਗਿਆ ਤਾਂ ਯੂਨੀਅਨ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪਾਵਰਕੌਮ ਦੇ ਅਧਿਕਾਰੀਆਂ ਦੀ ਹੋਵੇਗੀ। ਅੱਜ ਦੇ ਰੋਸ ਪ੍ਰਦਰਸ਼ਨ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕਲਾਹੜ, ਬਲਾਕ ਡੇਹਲੋਂ ਦੇ ਪ੍ਰਧਾਨ ਰਾਜਿੰਦਰ ਸਿੰਘ, ਇਕਾਈ ਪ੍ਰਧਾਨ ਭਜਨ ਸਿੰਘ ਸਿਆੜ, ਜੋਰਾ ਸਿੰਘ ਤੇ ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ। ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ।

Advertisement

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਦੇਰ ਰਾਤ ਜੀਟੀ ਰੋਡ ਜਾਮ

ਲੁਧਿਆਣਾ: ਤਪਦੀ ਗਰਮੀ ’ਚ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਸਲੇਮ ਟਾਬਰੀ ਇਲਾਕੇ ਦੇ ਲੋਕਾਂ ਨੇ ਬੀਤੀ ਦੇਰ ਰਾਤ ਪੁਰਾਣੀ ਸਬਜ਼ੀ ਮੰਡੀ ਚੌਕ ਜੀਟੀ ਰੋਡ ’ਤੇ ਜਾਮ ਲਾ ਦਿੱਤਾ। ਲੋਕਾਂ ਨੇ ਜਿੱਥੇ ਬਿਜਲੀ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ, ਉੱਥੇ ਹੀ ਇਲਾਕਾ ਵਿਧਾਇਕ ਖਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਮੇਨ ਰੋਡ ’ਤੇ ਦੋਵਾਂ ਪਾਸਿਆਂ ਦੀ ਆਵਾਜਾਈ ਰੋਕ ਦਿੱਤੀ ਜਿਸ ਨਾਲ ਇਲਾਕੇ ’ਚ ਜਾਮ ਦੀ ਸਥਿਤੀ ਬਣ ਗਈ। ਸੂਚਨਾ ਮਿਲਦੇ ਹੀ ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕ ਪ੍ਰਦਰਸ਼ਨ ਦੌਰਾਨ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ ਜਿਸ ਤੋਂ ਬਾਅਦ ਪੁਲੀਸ ਨੇ ਲੋਕਾਂ ਨੂੰ ਹਟਾਉਣ ਲਈ ਹਲਕਾ ਲਾਠੀਚਾਰਜ ਕੀਤਾ ਜਿਸ ਤੋਂ ਬਾਅਦ ਲੋਕਾਂ ਨੇ ਧਰਨਾ ਖਤਮ ਕਰ ਦਿੱਤਾ। ਜਾਣਕਾਰੀ ਅਨੁਸਾਰ ਸਲੇਮ ਟਾਬਰੀ ਇਲਾਕੇ ’ਚ ਲੋਕਾਂ ਦੇ ਘਰਾਂ ’ਚ ਪੀਣ ਲਈ ਪਾਣੀ ਨਹੀਂ ਮਿਲ ਰਿਹਾ। ਰੋਜ਼ਾਨਾ ਬਿਜਲੀ ਦੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਸਨ। ਰਾਤ ਸਾਢੇ 11 ਵਜੇ ਜਦੋਂ ਬਿਜਲੀ-ਪਾਣੀ ਨਾ ਮਿਲਿਆ ਤਾਂ ਲੋਕ ਭੜਕ ਗਏ। ਲੋਕਾਂ ਨੇ ਪੁਰਾਣੀ ਸਬਜ਼ੀ ਮੰਡੀ ਚੌਕ ਨੇੜੇ ਸੜਕ ’ਤੇ ਜਾਮ ਲਾ ਦਿੱਤਾ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਜਿਵੇਂ ਹੀ ਪੁਲੀਸ ਨੂੰ ਜਾਮ ਦੀ ਸੂਚਨਾ ਮਿਲੀ ਤਾਂ ਸਲੇਮ ਟਾਬਰੀ ਥਾਣੇ ਦੇ ਐੱਸ.ਐੱਚ.ਓ ਬਿਟਨ ਕੁਮਾਰ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜ ਗਏ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਮਾਮਲਾ ਵਧ ਗਿਆ ਤਾਂ ਉਨ੍ਹਾਂ ਨੇ ਪੁਲੀਸ ਟੀਮ ਨੂੰ ਲਾਠੀਚਾਰਜ ਕਰਨ ਦੇ ਹੁਕਮ ਦੇ ਦਿੱਤੇ। ਪ੍ਰਦਰਸ਼ਨਕਾਰੀਆਂ ’ਚ ਕੁਝ ਸ਼ਰਾਰਤੀ ਲੋਕ ਵੀ ਸਨ, ਜੋ ਰਾਹਗੀਰਾਂ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਪੁਲੀਸ ਨੇ ਸਮਾਂ ਰਹਿੰਦੇ ਹੀ ਉਨ੍ਹਾਂ ਲੋਕਾਂ ਨੂੰ ਖਦੇੜ ਦਿੱਤਾ। -ਟ੍ਰਿਬਿਊਨ ਨਿਊਜ਼ ਸਰਵਿਸ

Advertisement
Author Image

joginder kumar

View all posts

Advertisement
Advertisement
×