ਡੱਲਾ ਅਤੇ ਪੋਨਾ ’ਚ ਸਰਪੰਚੀ ਦੀ ਚੋਣ ਰੱਦ ਹੋਣ ’ਤੇ ਰੋਸ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਅਕਤੂਬਰ
ਜਗਰਾਉਂ ਜ਼ਿਲ੍ਹੇ ਦੇ ਪਿੰਡ ਡੱਲਾ ਤੇ ਪੋਨਾ ਵਿੱਚ ਦੇਰ ਰਾਤ ਹੀ ਰਾਜ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਲੁਧਿਆਣਾ ਦੇ ਡੀਸੀ ਨੇ ਸਰਪੰਚੀ ਦੀ ਚੋਣ ਨੂੰ ਰੱਦ ਕਰ ਦਿੱਤਾ। ਹਾਲਾਂਕਿ ਦੋਵੇਂ ਪਿੰਡਾਂ ਵਿੱਚ ਸਿਰਫ਼ ਪੰਚਾਇਤ ਮੈਂਬਰਾਂ ਲਈ ਹੀ ਵੋਟਾਂ ਪਈਆਂ, ਜਦੋਂਕਿ ਸਰਪੰਚੀ ਦੇ ਅਹੁਦੇ ਲਈ ਵੋਟਾਂ ਨਹੀਂ ਪਈਆਂ, ਜਿਸ ਕਰਕੇ ਡੱਲਾ ਅਤੇ ਪੋਨਾ ਵਿੱਚ ਸਿਆਸੀ ਪਾਰਾ ਸਿਖਰਾਂ ’ਤੇ ਰਿਹਾ। ਅਕਾਲੀ ਦਲ ਤੇ ਹੋਰਨਾਂ ਪਾਰਟੀ ਦੇ ਉਮੀਦਵਾਰਾਂ ਨੇ ਇੱਥੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਵੀ ਕੱਢੀ। ਸਾਬਕਾ ਅਕਾਲੀ ਵਿਧਾਇਕ ਐਸ ਆਰ ਕਲੇਰ ਨੇ ਇਸ ਨੂੰ ਸਰਕਾਰ ਦੀ ਚਾਲ ਦੱਸਿਆ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਡੱਲਾ ਦੇ ਸਰਪੰਚ ਰਹੇ ਅਕਾਲੀ ਉਮੀਦਵਾਰ ਚੰਦ ਸਿੰਘ ਡੱਲਾ ਅਤੇ ਪਿੰਡ ਪੋਨਾ ’ਚ ਸਰਪੰਚ ਦੇ ਉਮੀਦਵਾਰ ਹਰਪ੍ਰੀਤ ਸਿੰਘ ਰਾਜੂ ਨਾਲ ਫੋਨ ’ਤੇ ਗੱਲਬਾਤ ਕੀਤੀ।
ਦਰਅਸਲ, ਇਨ੍ਹਾਂ ਦੋਵੇਂ ਪਿੰਡਾਂ ਦੇ ਉਮੀਦਵਾਰਾਂ ਦੀ ਐਨਓਸੀ ਰੱਦ ਕਰ ਦਿੱਤੀ ਗਈ ਸੀ ਜਿਸ ਕਰਕੇ ਬੀਤੀ ਦੇਰ ਰਾਤ ਰਾਜ ਚੋਣ ਕਮਿਸ਼ਨ ਨੇ ਡੀਸੀ ਨੂੰ ਹੁਕਮ ਜਾਰੀ ਕੀਤੇ ਸਨ ਕਿ ਦੋਵੇਂ ਪਿੰਡਾਂ ਦੀ ਸਰਪੰਚ ਅਹੁਦੇ ਦੀ ਚੋਣ ਨੂੰ ਰੱਦ ਕੀਤਾ ਜਾਵੇ। ਜਾਣਕਾਰੀ ਮੁਤਾਬਕ ਪਿੰਡ ਪੋਨਾ ਦੇ ਸਰਪੰਚ ਉਮੀਦਵਾਰ ਹਰਪ੍ਰੀਤ ਸਿੰਘ ਤੇ ਪਿੰਡ ਡੱਲਾ ਦੇ ਉਮੀਦਵਾਰ ਦੀ ਐਨਓਸੀ ਰੱਦ ਹੋਣ ਕਾਰਨ ਇਹ ਚੋਣਾਂ ਰੱਦ ਕੀਤੀਆਂ ਗਈਆਂ ਹਨ। ਦੋਵੇਂ ਹੀ ਉਮੀਦਵਾਰਾਂ ਨੇ ਦੋਸ਼ ਲਗਾਏ ਕਿ ਉਹ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਸਨ ਤੇ ਪੈਸੇ ਵੀ ਖ਼ਰਚ ਚੁੱਕੇ ਸਨ ਪਰ ਅੰਤਿਮ ਦਿਨ ਸਿਆਸੀ ਦਬਾਅ ਕਾਰਨ ਇਹ ਚੋਣ ਰੱਦ ਕਰਵਾਈ ਗਈ ਹੈ। ਉਧਰ, ਪਿੰਡ ਡੱਲਾ ਅਤੇ ਪੋਨਾ ਵਿਚ ਪੁੱਜੇ ਸਾਬਕਾ ਵਿਧਾਇਕ ਐਸ ਆਰ ਕਲੇਰ ਨੇ ਦੱਸਿਆ ਕਿ ਇਹ ਐਨਓਸੀ ਜਾਣਬੁੱਝ ਕੇ ਰੱਦ ਕਰਵਾਈ ਗਈ ਹੈ।