For the best experience, open
https://m.punjabitribuneonline.com
on your mobile browser.
Advertisement

ਮੁਹਾਲੀ ਦੇ ਸੋਹਾਣਾ ’ਚ ਬਹੁਮੰਜ਼ਿਲਾ ਇਮਾਰਤ ਡਿੱਗੀ

06:31 AM Dec 22, 2024 IST
ਮੁਹਾਲੀ ਦੇ ਸੋਹਾਣਾ ’ਚ ਬਹੁਮੰਜ਼ਿਲਾ ਇਮਾਰਤ ਡਿੱਗੀ
ਘਟਨਾ ਸਥਾਨ ’ਤੇ ਬਚਾਅ ਕਾਰਜ ਚਲਾਉਂਦੇ ਹੋਏ ਭਾਰਤੀ ਫੌਜ ਦੇ ਜਵਾਨ ਅਤੇ (ਇਨਸੈੱਟ) ਮ੍ਰਿਤਕ ਲੜਕੀ ਦ੍ਰਿਸ਼ਟੀ ਦੀ ਪੁਰਾਣੀ ਤਸਵੀਰ। -ਫੋਟੋ: ਪੀਟੀਆਈ
Advertisement

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 21 ਦਸੰਬਰ
ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਵਿੱਚ ਅੱਜ ਸ਼ਾਮ ਰੌਇਲ ਜਿਮ ਦੀ ਬਹੁ-ਮੰਜ਼ਿਲਾ ਇਮਾਰਤ ਡਿੱਗ ਗਈ। ਬਚਾਅ ਕਰਮੀਆਂ ਨੇ ਹਿਮਾਚਲ ਪ੍ਰਦੇਸ਼ ਵਾਸੀ ਮਹਿਲਾ ਦ੍ਰਿਸ਼ਟੀ (29) ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ। ਮਲਬੇ ਹੇਠ ਹੋਰ ਕਈ ਵਿਅਕਤੀਆਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਐੱਨਡੀਆਰਐੱਫ ਤੇ ਫੌਜ ਦੀਆਂ ਟੀਮਾਂ ਨੇ ਵੀ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਹਾਦਸਾ ਉਦੋਂ ਹੋਇਆ ਜਦੋਂ ਜਿਮ ਨਾਲ ਲੱਗਦੀ ਖਾਲੀ ਥਾਂ ’ਤੇ ਬੇਸਮੈਂਟ ਪੁੱਟੀ ਜਾ ਰਹੀ ਸੀ। ਹਾਦਸੇ ਸਮੇਂ ਜਿਮ ਵਿੱਚ ਕਈ ਵਿਅਕਤੀ ਕਸਰਤ ਕਰ ਰਹੇ ਸਨ। ਇਸ ਤੋਂ ਇਲਾਵਾ ਜਿਮ ਦਾ ਮਾਲਕ ਅਤੇ ਸਟਾਫ਼ ਵੀ ਮੌਜੂਦ ਸੀ, ਜਦਕਿ ਬੇਸਮੈਂਟ ਦੀ ਖੁਦਾਈ ਕਰ ਰਹੇ ਮਜ਼ਦੂਰ ਵੀ ਮਲਬੇ ਹੇਠ ਦਬ ਗਏ। ਸੂਚਨਾ ਮਿਲਦੇ ਹੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐੱਸਐੱਸਪੀ ਦੀਪਕ ਪਾਰਿਕ, ਐੱਸਡੀਐੱਮ ਦਮਨਦੀਪ ਕੌਰ, ਡੀਐੱਸਪੀ ਹਰਸਿਮਰਨ ਸਿੰਘ ਬੱਲ ਅਤੇ ਹੋਰ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚੇ। ਦੇਰ ਸ਼ਾਮ ਡੀਜੀਪੀ ਗੌਰਵ ਯਾਦਵ ਅਤੇ ਡੀਆਈਜੀ ਐੱਚਐੱਸ ਭੁੱਲਰ ਵੀ ਘਟਨਾ ਸਥਾਨ ’ਤੇ ਪਹੁੰਚੇ।

Advertisement


ਘਟਨਾ ਦਾ ਜਾਇਜ਼ਾ ਲੈਂਦੇ ਹੋਏ ਡੀਜੀਪੀ ਗੌਰਵ ਯਾਦਵ, ਵਿਧਾਇਕ ਕੁਲਵੰਤ ਸਿੰਘ ਤੇ ਹੋਰ।

ਪ੍ਰਸ਼ਾਸਨ ਦੀ ਸੂਚਨਾ ’ਤੇ ਬਚਾਅ ਤੇ ਰਾਹਤ ਟੀਮਾਂ ਸਮੇਤ ਫਾਇਰ ਬ੍ਰਿਗੇਡ ਤੇ ਐਂਬੂਲੈਂਸਾਂ ਵੀ ਮੌਕੇ ’ਤੇ ਪਹੁੰਚ ਗਈਆਂ। ਮਲਬੇ ਹੇਠ ਦੱਬੇ ਵਿਅਕਤੀਆਂ ਨੂੰ ਬਾਹਰ ਕੱਢਣ ਲਈ ਕਰੀਬ 6 ਜੇਸੀਬੀ ਨੂੰ ਕੰਮ ’ਤੇ ਲਾਇਆ ਗਿਆ ਹੈ ਤੇ ਪਿੰਡ ਵਾਸੀਆਂ ਵੱਲੋਂ ਇਸ ਵਿੱਚ ਮਦਦ ਕੀਤੀ ਜਾ ਰਹੀ ਹੈ। ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ, ਪਹਿਲਵਾਨ ਅਮਰਜੀਤ ਸਿੰਘ ਲਖਨੌਰ ਅਤੇ ਹੋਰਾਂ ਨੇ ਦੱਸਿਆ ਕਿ ਅੱਜ ਸ਼ਾਮ ਅਚਾਨਕ ਜ਼ੋਰਦਾਰ ਆਵਾਜ਼ ਆਈ ਤਾਂ ਲੋਕਾਂ ਨੇ ਦੇਖਿਆ ਕਿ ਜਿਮ ਦੀ ਇਮਾਰਤ ਮਿੰਟਾਂ ਵਿੱਚ ਢਹਿ-ਢੇਰੀ ਹੋ ਗਈ। ਇਮਾਰਤ ਦੀਆਂ ਦੋ ਮੰਜ਼ਿਲਾਂ ਵਿੱਚ ਜਿਮ ਚੱਲ ਰਿਹਾ ਸੀ, ਜਦਕਿ ਉਪਰਲੀ ਮੰਜ਼ਿਲ ’ਤੇ ਕੋਚਿੰਗ ਸੈਂਟਰ ਸੀ।

Advertisement

ਜਿੰਮ ਵਿੱਚ ਸ਼ਾਮ 4 ਵਜੇ ਲੋਕ ਕਸਰਤ ਲਈ ਪਹੁੰਚ ਜਾਂਦੇ ਹਨ। ਹਾਲੇ ਤੱਕ ਜ਼ਖ਼ਮੀਆਂ ਦੀ ਗਿਣਤੀ ਤੇ ਮਲਬੇ ਹੇਠ ਦੱਬੇ ਹੋਏ ਵਿਅਕਤੀਆਂ ਬਾਰੇ ਪੁਖ਼ਤਾ ਜਾਣਕਾਰੀ ਨਹੀਂ ਮਿਲੀ ਪਰ ਤਕਰੀਬਨ ਅੱਧੀ ਦਰਜਨ ਵਿਅਕਤੀਆਂ ਦੇ ਮਲਬੇ ਹੇਠ ਦੱਬੇ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਇਸੇ ਦੌਰਾਨ ‘ਆਪ’ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਵਿਧਾਇਕ ਕੁਲਵੰਤ ਸਿੰਘ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਤੇ ਹੋਰ ਆਗੂ ਵੀ ਮੌਕੇ ਪਹੁੰਚੇ ਅਤੇ ਹਾਦਸੇ ਬਾਰੇ ਜਾਣਕਾਰੀ ਹਾਸਲ ਕੀਤੀ।

ਮੁੱਖ ਮੰਤਰੀ ਨੇ ਲਈ ਹਾਲਾਤ ਬਾਰੇ ਜਾਣਕਾਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਾਦਸੇ ਨੂੰ ਮੰਦਭਾਗਾ ਦੱਸਦਿਆਂ ਮੁਹਾਲੀ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਹਤ ਕਾਰਜਾਂ ਵਿੱਚ ਢਿੱਲ ਨਾ ਵਰਤੀ ਜਾਵੇ ਅਤੇ ਲੋਕਾਂ ਦੀ ਜਾਨ ਬਚਾਈ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਨੇ ਪੀੜਤਾਂ ਦੀ ਸਹਾਇਤਾ ਲਈ ਕੰਟਰੋਲ ਰੂਮ ਸਥਾਪਤ ਕਰਦਿਆਂ ਐਮਰਜੈਂਸੀ ਨੰਬਰ 0172-2219506 ਜਾਰੀ ਕੀਤਾ ਹੈ।

Advertisement
Author Image

sukhwinder singh

View all posts

Advertisement