For the best experience, open
https://m.punjabitribuneonline.com
on your mobile browser.
Advertisement

ਜਨਤਕ ਜਥੇਬੰਦੀਆਂ ਵੱਲੋਂ ਰੋਸ ਮਾਰਚ

07:53 AM Aug 26, 2024 IST
ਜਨਤਕ ਜਥੇਬੰਦੀਆਂ ਵੱਲੋਂ ਰੋਸ ਮਾਰਚ
ਪਾਤੜਾਂ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 25 ਅਗਸਤ
ਕੋਲਕਾਤਾ ਜਬਰ-ਜਨਾਹ ਕਾਂਡ ਖ਼ਿਲਾਫ਼ ਜਨਤਕ ਜੱਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਲੋਕਾਂ ਨੇ ਪਾਤੜਾਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਰੋਸ ਮਾਰਚ ਮਗਰੋਂ ਮੋਮਬੱਤੀਆਂ ਬਾਲ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਕਿਸਾਨ ਆਗੂ ਗੁਰਵਿੰਦਰ ਸਿੰਘ ਦੇਧਨਾ, ਹਰਭਜਨ ਸਿੰਘ ਧੂਹੜ, ਮੁਲਾਜ਼ਮ ਆਗੂ ਅਤਿੰਦਰ ਪਾਲ ਸਿੰਘ ਅਤੇ ਜਸਪਾਲ ਖਾਂਗ ਨੇ ਕਿਹਾ ਕਿ ਔਰਤਾਂ ਨਾਲ ਸਮਾਜ ਵਿੱਚ ਹੋ ਰਹੀਆਂ ਵਧੀਕੀਆਂ ਲਈ ਪਿਤਰਸੱਤਾ ਅਤੇ ਸਾਮਰਾਜ ਦਾ ਨਿੱਘਰਿਆ ਸੱਭਿਆਚਾਰ ਅਤੇ ਕਾਰਪੋਰੇਟ ਪੱਖੀ ਨੀਤੀਆਂ ਜ਼ਿੰਮੇਵਾਰ ਹਨ, ਜਿਸ ਤਹਿਤ ਔਰਤ ਨੂੰ ਜਾਂ ਤਾਂ ਭੋਗ ਵਿਲਾਸ ਦੀ ਵਸਤੂ ਵਜੋਂ ਪੇਸ਼ ਕੀਤਾ ਜਾਂਦਾ ਹੈ ਜਾਂ ਫਿਰ ਰੂੜੀਵਾਦੀ ਕਦਰਾਂ ਕੀਮਤਾਂ ਦੀ ਜਕੜ ਵਿੱਚ ਬੰਨ੍ਹ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਅਤੇ ਪੈਰਾਂ ਮੈਡੀਕਲ ਸਟਾਫ਼ ਔਖੇ ਹਾਲਤਾਂ ਵਿੱਚ ਡਿਊਟੀਆਂ ਦੇਣ ਲਈ ਮਜਬੂਰ ਹਨ। ਵੱਡੇ ਹਸਪਤਾਲ ਵੀ ਸਾਫ਼-ਸਫ਼ਾਈ, ਰੋਸ਼ਨੀ ਅਤੇ ਸਹੂਲਤਾਂ ਪੱਖੋਂ ਕੰਗਾਲ ਹੋ ਚੁੱਕੇ ਹਨ, ਜਿਸ ਕਾਰਨ ਆਮ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕਲਕੱਤੇ ਦੀ ਘਟਨਾ ਮਗਰੋਂ ਉਤਰਾਖੰਡ ਵਿੱਚ ਇੱਕ ਨਰਸ ਨਾਲ ਵਾਪਰੀ ਮੰਦਭਾਗੀ ਘਟਨਾ ਅਤੇ ਮਹਾਰਾਸ਼ਟਰ ਵਿੱਚ ਸਕੂਲੀ ਬੱਚੀਆਂ ਨਾਲ ਜਿਨਸੀ ਸੋਸ਼ਣ ਦੀ ਘਟਨਾ ਦੱਸਦੀ ਹੈ ਕਿ ਸਮਾਜ ਨੂੰ ਇਸ ਵਰਤਾਰੇ ਵਿਰੁੱਧ ਬਹੁਪੱਖੀ ਸੰਘਰਸ਼ ਕਰਨਾ ਪਵੇਗਾ, ਜਿਸ ਦਾ ਨਿਸ਼ਾਨਾ ਪਿੱਤਰ ਸੱਤਾ ਅਤੇ ਸਾਮਰਾਜ ਹੋਵੇਗਾ। ਇਸ ਮੌਕੇ ਕਾਮਰੇਡ ਰਾਮਚੰਦ ਚੁਨਾਗਰਾ, ਕਾਮਰੇਡ ਰੇਸ਼ਮ ਸਿੰਘ, ਕਿਰਨ ਬਾਲਾ, ਪਲਵਿੰਦਰ ਕੌਰ ਹਰਿਆਊ, ਸਾਹਿਬ ਸਿੰਘ ਦੁਤਾਲ, ਸੰਜੇ ਸਿੰਘ, ਡਾ ਅਮਨ ਸ਼ਰਮਾ ਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਮੈਂਬਰ, ਹਸਪਤਾਲਾਂ ਦਾ ਪੈਰਾ ਮੈਡੀਕਲ ਸਟਾਫ਼ ਹਾਜ਼ਰ ਸੀ।

ਕਾਂਗਰਸੀਆਂ ਵੱਲੋਂ ਸ਼ੇਰਪੁਰ ਵਿੱਚ ਮੋਮਬੱਤੀ ਮਾਰਚ

ਮੋਮਬੱਤੀ ਮਾਰਚ ਕਰਦੇ ਹੋਏ ਕਾਂਗਰਸੀ ਕਾਰਕੁਨ।

ਸ਼ੇਰਪੁਰ (ਬੀਰਬਲ ਰਿਸ਼ੀ): ਕੋਲਕਾਤਾ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਮਾਮਲੇ ਦੇ ਰੋਸ ਵਜੋਂ ਸੀਨੀਅਰ ਕਾਂਗਰਸੀਆਂ ਬਨੀ ਖਹਿਰਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਮੇਲ ਸਿੰਘ ਬੜੀ, ਬਹਾਦਰ ਸਿੰਘ ਅਤੇ ਸੰਜੇ ਸਿੰਗਲਾ ਦੀ ਅਗਵਾਈ ਹੇਠ ਕਾਂਗਰਸੀਆਂ ਅਤੇ ਇਨਸਾਫ ਪਸੰਦ ਲੋਕਾਂ ਨੇ ਸ਼ੇਰਪੁਰ ਵਿੱਚ ਮੋਮਬੱਤੀ ਮਾਰਚ ਕੀਤਾ। ਇਹ ਮਾਰਚ ਬੀਡੀਪੀਓ ਦਫ਼ਤਰ ਨੇੜਿਓ ਸ਼ੁਰੂ ਹੋਇਆ ਅਤੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਬੜੀ ਚੌਕ ਪੁੱਜਿਆ। ਇਸ ਮੌਕੇ ਅੱਤਿਆਚਾਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਰਹਿਣ ਅਤੇ ਔਰਤਾਂ ਪ੍ਰਤੀ ਸਮਾਜ ਦਾ ਨਜ਼ਰੀਆ ਬਦਲਣ ਲਈ ਉਪਰਾਲੇ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਚਮਕੌਰ ਸਿੰਘ ਭੋਲਾ, ਬਹਾਦਰ ਸਿੰਘ ਪੰਚ, ਅਮਨਦੀਪ ਸਿੰਘ, ਪਰਗਟਿ ਸਿੰਘ ਸ਼ੇਰਪੁਰ ਅਤੇ ਇੰਦਰਜੀਤ ਬੜੀ ਹਾਜ਼ਰ ਸਨ।

Advertisement

Advertisement
Author Image

Advertisement