ਸਕੂਲ ਦੇ ਕਮਰੇ ਖਾਲੀ ਕਰਾਉਣ ਲਈ ਜਥੇਬੰਦੀਆਂ ਵੱਲੋਂ ਰੋਸ ਮਾਰਚ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਨਵੰਬਰ
ਇਥੇ ਸਰਕਾਰੀ ਬੇਸਿਕ ਪ੍ਰਾਇਮਰੀ ਸਕੂਲ ਦੇ ਕਮਰਿਆਂ ਤੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਮੁਤਾਬਕ ਹੋਮਗਾਰਡ ਦਾ ਕਬਜ਼ਾ ਛੁਡਾਉਣ ਲਈ ਅੱਜ ਸੰਘਰਸ਼ ਕਮੇਟੀ ਸਮੇਤ ਹੋਰ ਜਥੇਬੰਦੀਆਂ ਸੜਕਾਂ ’ਤੇ ਆ ਗਈਆਂ। ਇਨ੍ਹਾਂ ਜਥੇਬੰਦੀਆਂ ਨੇ ਬੇਸਿਕ ਸਕੂਲ ਤੋਂ ਲੈ ਕੇ ਤਹਿਸੀਲ ਰੋਡ ’ਤੇ ਸਕੂਲ ਆਫ ਐਮੀਨੈਂਸ ਤਕ ਰੋਸ ਮਾਰਚ ਕੱਢ ਕੇ ਕਾਰਵਾਈ ਦੀ ਚਿਤਾਵਨੀ ਦਿੱਤੀ। ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਸਾਫ ਸਪੱਸ਼ਟ ਹੁਕਮਾਂ ਨੂੰ ਲਾਗੂ ਕਰਨ ‘ਚ ਵੀ ਬਹਾਨੇਬਾਜ਼ੀ ਹੋ ਰਹੀ ਹੈ। ਇਨ੍ਹਾਂ ਹੁਕਮਾਂ ’ਚ ਇਹ ਦੋਵੇਂ ਕਮਰੇ ਫੌਰੀ ਸਕੂਲ ਹਵਾਲੇ ਕਰਨ ਲਈ ਕਿਹਾ ਗਿਆ ਪਰ ਸਥਾਨਕ ਪ੍ਰਸ਼ਾਸਨ ਨੇ ਇਨ੍ਹਾਂ ’ਤੇ ਸਹੀ ਢੰਗ ਨਾਲ ਅਮਲ ਨਹੀਂ ਕੀਤਾ। ਹੋਮਗਾਰਡ ਵਾਲੇ ਸੱਤ ਸਾਲ ਤੋਂ ਸਕੂਲ ਦੇ ਇਨ੍ਹਾਂ ਕਮਰਿਆਂ ’ਤੇ ਕਾਬਜ਼ ਹਨ ਜਦਕਿ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਬੜੀ ਮੁਸ਼ਕਿਲ ਇਹ ਸਮਾਂ ਲੰਘਾਉਣਾ ਪਿਆ ਹੈ। ਲੰਬੇ ਸੰਘਰਸ਼ ਤੋਂ ਬਾਅਦ ਜਾਰੀ ਕਰਵਾਏ ਗਏ ਹੁਕਮਾਂ ਦੇ ਬਾਵਜੂਦ ਕਮਰੇ ਖਾਲੀ ਕਰਵਾ ਕੇ ਕਬਜ਼ਾ ਸਕੂਲ ਨੂੰ ਨਹੀਂ ਦਿੱਤਾ ਜਾ ਰਿਹਾ। ਸੀਨੀਅਰ ਸਿਟੀਜ਼ਨਜ਼ ਸੰਘਰਸ਼ ਕਮੇਟੀ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੱਦੇ ’ਤੇ ਰੋਸ ਧਰਨੇ ’ਚ ਵੱਡੀ ਗਿਣਤੀ ਅਧਿਆਪਕਾਂ ਅਤੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਵਲੋਂ ਹੋਮਗਾਰਡ ਦਫ਼ਤਰ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਗਈ ਕਿ ਉਹ ਡੀਸੀ ਲੁਧਿਆਣਾ ਦੇ ਜਾਰੀ ਹੁਕਮਾਂ ਦੇ ਬਾਵਜੂਦ ਵੀ ਸਕੂਲ ਦੀ ਜਗ੍ਹਾ ਖਾਲੀ ਨਹੀਂ ਕਰ ਰਹੇ। ਇਹ ਪ੍ਰਸ਼ਾਸਨ ਦੀ ਵੀ ਨਲਾਇਕੀ ਹੈ ਕਿ ਮਾਸੂਮ ਬੱਚੇ ਕਮਰਿਆਂ ਤੋਂ ਬਾਹਰ ਬੈਠ ਕੇ ਪੜ੍ਹਨ ਲਈ ਮਜਬੂਰ ਹਨ। ਬੁਲਾਰਿਆਂ ਨੇ ਕਿਹਾ ਕਿ ਜੇਕਰ ਇਹ ਕਿਸੇ ਪ੍ਰਾਈਵੇਟ ਸਕੂਲ ਦਾ ਮਸਲਾ ਹੁੰਦਾ ਤਾਂ ਹੁਣ ਤਕ ਪ੍ਰਸ਼ਾਸਨ ਨੇ ਹੱਲ ਕਰਵਾ ਦੇਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਨੂੰ ਮੁੱਦਾ ਬਣਾ ਕੇ ਸੱਤਾ ’ਚ ਆਈ ਸੀ ਪਰ ਇਸ ਸਮੇਂ ਸਿਹਤ ਅਤੇ ਸਿੱਖਿਆ ਦਾ ਪੰਜਾਬ ’ਚ ਬੁਰਾ ਹਾਲ ਹੈ। ਸੰਘਰਸ਼ ਕਮੇਟੀ ਦੇ ਕਨਵੀਨਰ ਅਵਤਾਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਹੋਮਗਾਰਡ ਦਫ਼ਤਰ ਵਲੋਂ ਇਹ ਕਮਰੇ ਨਾ ਛੱਡੇ ਗਏ ਤਾਂ ਲੰਬਾ ਸੰਘਰਸ਼ ਛੇੜਿਆ ਜਾਵੇਗਾ। ਡੀਟੀਐਫ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ, ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਹਰਦੀਪ ਸਿੰਘ ਰਸੂਲਪੁਰ ਨੇ ਧਰਨੇ ਨੂੰ ਸੰਬੋਧਨ ਕੀਤਾ। ਧਰਨੇ ਨੂੰ ਹਮਾਇਤ ਦੇਣ ਲਈ ਸਾਬਕਾ ਬੀਪੀਈਓ ਮਦਨ ਲਾਲ, ਲਲਿਤ ਅਗਰਵਾਲ, ਅੰਮ੍ਰਿਤ ਲਾਲ ਗੋਇਲ, ਅਮਰਜੀਤ ਸਿੰਘ ਸੁਪਰਡੈਂਟ, ਕਰਤਾਰ ਸਿੰਘ ਸਟੇਸ਼ਨ ਮਾਸਟਰ, ਕੁਲਵੰਤ ਸਿੰਘ ਐਸਡੀਓ ਪਹੁੰਚੇ ਹੋਏ ਸਨ।