ਮੋਟਰਸਾਈਕਲ ਰੇਹੜੀ ਚਾਲਕਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਕ ਰੋਸ ਮਾਰਚ
ਪੱਤਰ ਪ੍ਰੇਰਕ
ਤਰਨ ਤਾਰਨ, 10 ਅਗਸਤ
ਮੋਟਰਸਾਈਕਲ ਰੇਹੜੀ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀਆਂ 700 ਦੇ ਕਰੀਬ ਮੋਟਰਸਾਈਕਲ ਰੇਹੜੀਆਂ ਸਮੇਤ ਸ਼ਹਿਰ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਪਿੱਦੀ) ਤੱਕ ਅੱਜ ਇਕ ਰੋਸ ਮਾਰਚ ਕਰਕੇ ਜ਼ਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ| ਮੋਟਰਸਾਈਕਲ ਰੇਹੜੀ ਯੂਨੀਅਨ ਦੀ ਅਗਵਾਈ ਕਰਦੇ ਨੈਸ਼ਨੇਲਿਸਟ ਪਾਰਟੀ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਕੁਲਵਿੰਦਰ ਸਿੰਘ ਗੱਬਰ ਦੀ ਪ੍ਰਧਾਨਗੀ ਹੇਠ ਮੋਟਰਸਾਈਕਲ ਰੇਹੜੀ ਚਾਲਕਾਂ ਨੇ ਇਥੇ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਸਰਕਾਰੀ ਦਫਤਰ ਸਾਹਮਣੇ ਇਕ ਰੈਲੀ ਕੀਤੀ ਅਤੇ ਪੁਲੀਸ ਵੱਲੋਂ ਉਨ੍ਹਾਂ ਦੀਆਂ ਰੇਹੜੀਆਂ ਨੂੰ ਬੰਦ ਕਰਨ ਖਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਜਾਗੀਰ ਸਿੰਘ ਭੱਟੀ, ਬਖਸ਼ੀਸ਼ ਸਿੰਘ ਚੋਹਲਾ ਸਾਹਿਬ, ਗੁਰਪ੍ਰੀਤ ਸਿੰਘ ਨੌਸ਼ਹਿਰਾ ਪੰਨੂੰਆਂ, ਰਾਜ ਕੁਮਾਰ ਜੰਡਿਆਲਾ ਗੁਰੂ, ਬਲਦੇਵ ਸਿੰਘ ਝਬਾਲ, ਸੁਖਵਿੰਦਰ ਸਿੰਘ ਨੇ ਸੰਬੋਧਨ ਕੀਤਾ| ਬੁਲਾਰਿਆਂ ਉਨ੍ਹਾਂ ਦੀਆਂ ਰੇਹੜੀਆਂ ਬੰਦ ਨਾ ਕਰਨ, ਮਿਸਤਰੀਆਂ ਨੂੰ ਉਨ੍ਹਾਂ ਦੀਆਂ ਰੇਹੜੀਆਂ ਦੀ ਮੁਰੰਮਤ ਕਰਨ ਤੋਂ ਨਾ ਰੋਕਣ, ਟਰੈਫਿਕ ਪੁਲੀਸ ਵਲੋਂ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਾ ਕਰਨ, ਉਨ੍ਹਾਂ ਨੂੰ ਹੋਰਨਾਂ ਵਾਹਨਾਂ ਵਾਲਿਆਂ ਵਲੋਂ ਰੋਕੇ ਜਾਣ ਖਿਲਾਫ਼ ਕਾਰਵਾਈ ਕਰਨ ਆਦਿ ਦੀ ਮੰਗ ਕੀਤੀ| ਜਥਬੰਦੀ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਦਾ ਯਕੀਨ ਦਿੱਤਾ ਹੈ|