ਜਗਤਾਰ ਸਿੰਘ ਲਾਂਬਾਅੰਮ੍ਰਿਤਸਰ, 10 ਜੂਨਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਅਰਸ਼ਦੀਪ ਸਿੰਘ ਜੋ ਮੌਜੂਦਾ ਸਮੇਂ ਗੋਇੰਦਵਾਲ ਜੇਲ੍ਹ ਵਿੱਚ ਬੰਦ ਹੈ, ਵੱਲੋਂ ਚਲਾਏ ਜਾ ਰਹੇ ਸੰਗਠਿਤ ਨਾਰਕੋ ਹਵਾਲਾ ਕਾਰੋਬਾਰ ਨਾਲ ਸਬੰਧਤ 6 ਕਾਰਕੁਨਾਂ ਨੂੰ 4.526 ਕਿਲੋਗ੍ਰਾਮ ਹੈਰੋਇਨ ਅਤੇ 8.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਕੇ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ। In a major breakthrough, #Amritsar Commissionerate Police dismantles a well-organised #Narco-#Hawala cartel led by Arshdeep, currently incarcerated at Goindwal Jail. Acting on specific intelligence inputs, police teams arrests six operatives and recovers 4.526 kg of heroin along… pic.twitter.com/bL975X2V5L— DGP Punjab Police (@DGPPunjabPolice) June 10, 2025ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨਦੀਪ ਸਿੰਘ ਉਰਫ ਕਰਨ (25) ਵਾਸੀ ਅਲਗੋਂ ਖੁਰਦ, ਤਰਨ ਤਾਰਨ, ਜਸਪ੍ਰੀਤ ਸਿੰਘ (20) ਵਾਸੀ ਸਲੋਦੀ, ਲੁਧਿਆਣਾ, ਅਰਸ਼ਦੀਪ ਸਿੰਘ ਉਰਫ਼ ਅਰਸ਼ (22) ਵਾਸੀ ਮਹਿੰਦੀਪੁਰ, ਤਰਨ ਤਾਰਨ, ਗੁਰਮੀਤ ਸਿੰਘ ਉਰਫ ਗੀਤੂ (24) ਵਾਸੀ ਸੁਖੇਰਾ ਬੋਦਲਾ, ਫਾਜ਼ਿਲਕਾ, ਰਜਿੰਦਰਪਾਲ ਸਿੰਘ ਉਰਫ਼ ਨਿੱਕਾ (24) ਵਾਸੀ ਕੋਲੋਵਾਲ, ਅੰਮ੍ਰਿਤਸਰ ਅਤੇ ਮਲਕੀਤ ਸਿੰਘ (28) ਵਾਸੀ ਹਵੇਲੀਆਂ, ਤਰਨ ਤਾਰਨ ਵਜੋਂ ਹੋਈ ਹੈ। ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਰਸ਼ਦੀਪ, ਆਪਣੇ ਸਾਥੀਆਂ ਜਸਪ੍ਰੀਤ ਅਤੇ ਕਰਨ ਨਾਲ ਮਿਲ ਕੇ ਨਸ਼ੀਲੇ ਪਦਾਰਥਾਂ ਦੇ ਵਪਾਰ ਅਤੇ ਹਵਾਲਾ ਲੈਣ-ਦੇਣ ਨੂੰ ਅੰਜਾਮ ਦੇ ਰਿਹਾ ਸੀ। ਕਰਨ, ਗੁਰਮੀਤ ਅਤੇ ਰਾਜਿੰਦਰਪਾਲ ਮਿਲ ਕੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੰਡ ਰਹੇ ਸਨ।ਅੰਮ੍ਰਿਤਸਰ ਪੁਲੀਸ ਵੱਲੋਂ ਬਰਾਮਦ ਨਸ਼ਾ ਤੇ ਨਕਦੀ।ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਵਪਾਰ ਤੋਂ ਹੋਣ ਵਾਲੀ ਕਮਾਈ ਜਸਪ੍ਰੀਤ ਵੱਲੋਂ ਹਵਾਲਾ ਚੈਨਲਾਂ ਜ਼ਰੀਏ ਦੁਬਈ, ਯੂਏਈ ਰਾਹੀਂ ਪਾਕਿਸਤਾਨ ਭੇਜੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਅਰਸ਼ਦੀਪ ਵੱਲੋਂ ਜੇਲ੍ਹ ਦੇ ਅੰਦਰ ਵਰਤਿਆ ਗਿਆ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ, ਜੋ ਉਨ੍ਹਾਂ ਦੀਆਂ ਸਰਹੱਦ ਪਾਰ ਦੀਆਂ ਗਤੀਵਿਧੀਆਂ ਬਾਰੇ ਮਹੱਤਵਪੂਰਨ ਸਬੂਤ ਪ੍ਰਦਾਨ ਕਰਦਾ ਹੈ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।ਪੁਲੀਸ ਕਮਿਸ਼ਨਰ (ਸੀਪੀ) ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਰਸ਼ਦੀਪ ਸਿੰਘ ਐੱਨਡੀਪੀਐੱਸ ਕੇਸ ਤਹਿਤ ਜੇਲ੍ਹ ਵਿੱਚ ਬੰਦ ਹੈ, ਪਰ ਇਸ ਦੇ ਬਾਵਜੂਦ ਉਸ ਨੇ ਸਰਹੱਦ ਪਾਰ ਦੇ ਤਸਕਰਾਂ ਨਾਲ ਸੰਪਰਕ ਬਣਾਈ ਰੱਖਿਆ। ਉਨ੍ਹਾਂ ਕਿਹਾ ਕਿ ਇੱਕ ਵੱਖਰੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਮਲਕੀਤ ਸਿੰਘ ਇੱਕ ਬਦਨਾਮ ਤਸਕਰ ਹੈ ਅਤੇ ਉਸ ਨੇ ਇੱਕ ਸਾਲ ਦੁਬਈ ਵਿੱਚ ਬਿਤਾਇਆ ਸੀ, ਜਿੱਥੇ ਉਹ ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿੱਚ ਆਇਆ। ਉਨ੍ਹਾਂ ਦੱਸਿਆ ਕਿ ਉਸ ਦੇ ਪਿੰਡ ਦੀ ਅੰਤਰਰਾਸ਼ਟਰੀ ਸਰਹੱਦ ਨਾਲ ਨੇੜਤਾ ਕਾਰਨ ਮੁਲਜ਼ਮ ਨੇ ਦੋ ਮਹੀਨੇ ਪਹਿਲਾਂ ਭਾਰਤ ਵਾਪਸ ਆ ਕੇ ਤਸਕਰੀ ਸ਼ੁਰੂ ਕਰ ਦਿੱਤੀ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਡੀਸੀਪੀ ਰਵਿੰਦਰਪਾਲ ਸਿੰਘ ਅਤੇ ਏਡੀਸੀਪੀ ਜਗਬਿੰਦਰ ਸਿੰਘ ਦੀ ਅਗਵਾਈ ਵਿਚ ਪੁਲੀਸ ਟੀਮਾਂ ਨੇ ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ। ਉਨ੍ਹਾਂ ਦੱਸਿਆ ਕਿ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ ਪੁਲੀਸ ਨੇ ਉਨ੍ਹਾਂ ਦਾ ਮੋਟਰਸਾਈਕਲ ਜਿਸ ਦੀ ਵਰਤੋਂ ਉਹ ਖੇਪਾਂ ਪਹੁੰਚਾਉਣ ਲਈ ਕਰ ਰਹੇ ਸਨ, ਵੀ ਜ਼ਬਤ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨੈੱਟਵਰਕ ਦੇ ਸਥਾਨਕ ਤੇ ਅੰਤਰਰਾਸ਼ਟਰੀ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।