ਲੋਕ ਮੋਰਚੇ ਵੱਲੋਂ ਨਵੇਂ ਫੌਜਦਾਰੀ ਕਾਨੂੰਨਾਂ ਖ਼ਿਲਾਫ਼ ਰੋਸ ਮਾਰਚ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 28 ਜੁਲਾਈ
ਲੋਕ ਮੋਰਚਾ ਪੰਜਾਬ ਦੇ ਸੈਂਕੜੇ ਕਾਰਕੁਨਾਂ ਨੇ ਅੱਜ ਸ਼ਹਿਰ ਵਿੱਚ ਕੇਂਦਰ ਵੱਲੋਂ ਲਾਗੂ ਕੀਤੇ ਨਵੇਂ ਫੌਜਦਾਰੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਮੁਜ਼ਾਹਰਾਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਾਰਚ ਵੀ ਕੀਤਾ।
ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਦੀ ਅਗਵਾਈ ਹੇਠ ਕੀਤੇ ਰੋਸ ਮਾਰਚ ਵਿੱਚ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਨੌਜਵਾਨਾਂ, ਸ਼ਹਿਰੀਆਂ ਤੇ ਔਰਤਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਇਹ ਸ਼ਹੀਦਾਂ ਦੇ ਸੁਫ਼ਨਿਆਂ ਦਾ ਭਾਰਤ ਨਹੀਂ ਰਹਿਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ, ਭਗਤ ਸਿੰਘ ਸਮੇਤ ਹੋਰ ਸ਼ਹੀਦਾਂ ਨੇ ਜੋ ਸੁਫ਼ਨੇ ਵੇਖਦਿਆਂ ਮੁਲਕ ਨੂੰ ਆਜ਼ਾਦ ਕਰਵਾਇਆ ਸੀ ਉਸ ਤੋਂ ਬਿਲਕੁਲ ਉਲਟ ਹੋ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਕੇ ਭਾਰਤ ਦੇ ਲੋਕਾਂ ਨੂੰ ਲੁੱਟਣ ਦੀਆਂ ਨੀਤੀਆਂ ਬਣਾ ਰਹੀਆਂ ਹਨ ਤੇ ਦੂਜੇ ਪਾਸੇ ਹੱਕ ਮੰਗਦੇ ਲੋਕਾਂ ਨੂੰ ਨਵੇਂ ਕਾਨੂੰਨਾ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨਾਂ ਅਨੁਸਾਰ ਸਰਕਾਰ ਦੇ ਵਿਰੋਧ ਨੂੰ ਦੇਸ਼ ਧ੍ਰੋਹ ਮੰਨਿਆ ਜਾਵੇਗਾ, ਪੁਲੀਸ ਦੀਆਂ ਸ਼ਕਤੀਆਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਭਾਰਤ ਦੇ ਲੋਕਾਂ ਖਿਲਾਫ ਵਰਤੇ ਜਾਣ ਵਾਲੇ ਕਾਨੂੰਨਾਂ ਦੇ ਦੰਦ ਹੋਰ ਵੱਧ ਤਿੱਖੇ ਕਰ ਦਿੱਤੇ ਹਨ। ਨਵੇਂ ਫੌਜਦਾਰੀ ਕਾਨੂੰਨਾਂ ਸਮੇਤ ਯੂਏਪੀਏ ਵਰਗੇ ਕਾਨੂੰਨਾਂ ਦਾ ਜਾਰੀ ਹੋਣਾ ਭਾਰਤ ਦੀ ਜਮਹੂਰੀਅਤ ਦੇ ਹਕੀਕੀ ਨਾ ਹੋਣ ਦੀ ਹੀ ਪੁਸ਼ਟੀ ਕਰਦਾ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਆਵਾਜ਼ ਉਠਾਉਣ ਲਈ 6 ਅਗਸਤ ਨੂੰ ਦਾਣਾ ਮੰਡੀ ਬਰਨਾਲਾ ਵਿੱਚ ਹੋ ਰਹੀ ਸੂਬਾਈ ਇਕੱਤਰਤਾ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਇਕੱਤਰਤਾ ਵਿੱਚ ਇਨ੍ਹਾਂ ਕਾਨੂੰਨਾਂ ਦੇ ਪਿਛੋਕੜ, ਸੰਦਰਭ ਅਤੇ ਇਨ੍ਹਾਂ ਦੇ ਲੋਕ ਲਹਿਰ ਲਈ ਮਾਰੂ ਅਸਰਾਂ ਬਾਰੇ ਚਰਚਾ ਕੀਤੀ ਜਾਵੇਗੀ। ਇਸ ਮੌਕੇ ਦਰਸ਼ਨ ਸਿੰਘ ਸੁਨਾਮ ਅਤੇ ਅਜਮੇਰ ਅਕਲੀਆ ਨੇ ਵੀ ਸੰਬੋਧਨ ਕੀਤਾ।