ਡੀਟੀਐੱਫ ਬਲਾਕ ਸ਼ਾਹਕੋਟ ਵੱਲੋਂ ਐੱਸਡੀਐੱਮ ਦਫਤਰ ਅੱਗੇ ਧਰਨਾ
ਪੱਤਰ ਪ੍ਰੇਰਕ
ਸ਼ਾਹਕੋਟ, 8 ਅਗਸਤ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ’ਤੇ ਫਰੰਟ ਦੇ ਬਲਾਕ ਸ਼ਾਹਕੋਟ ਇਕ ਤੇ ਦੋ ਨੇ ਐਸ.ਡੀ.ਐਮ ਦਫਤਰ ਸ਼ਾਹਕੋਟ ਵਿਖੇ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆ ਬਲਾਕ ਪ੍ਰਧਾਨ ਸੁਖਵਿੰਦਰਪ੍ਰੀਤ ਸਿੰਘ ਤੇ ਅੰਮ੍ਰਿਤ ਪਾਲ ਸਿੰਘ ਅਤੇ ਬਲਵਿੰਦਰ ਸਿੰਘ ਮੁਰੀਦਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਪ ਸਰਕਾਰ ਸਿੱਖਿਆ ਨੀਤੀ 2020 ਨੂੰ ਲਾਗੂ ਕਰਕੇ ਸਰਕਾਰੀ ਸਿੱਖਿਆ ਦਾ ਭੋਗ ਪਾਈ ਜਾ ਰਹੀਆਂ ਹਨ। ਸੂਬਾ ਸਰਕਾਰ ਨੇ ਸਕੂਲ ਆਫ ਐਮੀਨੈਂਸ ਖੋਲ੍ਹ ਕੇ ਸਿੱਖਿਆ ਨੂੰ ਤਬਾਹੀ ਵੱਲ ਮੋੜ ਦਿੱਤਾ ਹੈ। ਸਰਕਾਰਾਂ ਵੱਲੋਂ ਸੰਘਰਸ਼ ਕਰ ਰਹੇ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਉੱਪਰ ਤਸੱਦਦ ਕਰਨ ਦਾ ਰਾਹ ਫੜ ਲਿਆ ਹੈ। ਉਨ੍ਹਾਂ ਕਿਹਾ ਮੰਗਾਂ ਮੰਨਣ ਦੀ ਬਾਜਾਏ ਆਪ ਸਰਕਾਰ ਨੇ ਅਜੇ ਤੱਕ ਅਧਿਆਪਕਾਂ ਦੇ 37 ਪ੍ਰਕਾਰ ਦੇ ਬੰਦ ਕੀਤੇ ਭੱਤੇ ਵੀ ਬਹਾਲ ਨਹੀਂ ਕੀਤੇ। ਮੁਲਾਜ਼ਮਾਂ ਕੋਲੋਂ ਜਬਰੀ ਲਿਆ ਜਾ ਰਿਹਾ 200 ਰੁਪਏ ਵਿਕਾਸ ਟੈਕਸ ਵੀ ਲੈਣਾ ਵੀ ਬੰਦ ਨਹੀਂ ਕੀਤਾ। ਇਸ ਕਰਕੇ ਅਧਿਆਪਕਾਂ ਵਿਚ ਪਾਏ ਜਾ ਰਹੇ ਰੋਹ ਨੂੰ ਉਨ੍ਹਾਂ ਦੀ ਜਥੇਬੰਦੀ ਨੇ ਸੰਘਰਸ਼ ਵਿਚ ਤਬਦੀਲ ਕਰਨ ਲਈ ਅੱਜ ਪੰਜਾਬ ਭਰ ਵਿਚ ਧਰਨੇ ਲਗਾ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤੇ ਹਨ। ਐਸ.ਡੀ.ਐਮ ਨੂੰ ਦਿੱਤੇ ਗਏ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਪੇਂਡੂ ਤੇ ਬਾਰਡਰ ਭੱਤੇ ਸਮੇਤ 37 ਪ੍ਰਕਾਰ ਦੇ ਬੰਦ ਕੀਤੇ ਭੱਤੇ ਚਾਲੂ ਕੀਤੇ ਜਾਣ, ਛੇਵੇਂ ਤਨਖਾਹ ਕਮਿਸ਼ਨ ਦਾ 01-01-2016 ਤੋਂ ਰਹਿੰਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਏ.ਸੀ.ਪੀ ਸਕੀਮ ਤਹਿਤ 3-7-11-15 ਸਾਲਾ ਤਰੱਕੀ ਦਿਤੀ ਜਾਵੇ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਇਸ ਮੌਕੇ ਪਵਿੱਤਰ ਸਿੰਘ ਕੈਲੇ, ਤਰਲੋਚਨ ਸਿੰਘ, ਅਮਰਪ੍ਰੀਤ ਸਿੰਘ ਝੀਤਾ, ਗੌਰਵ ਕੁਮਾਰ, ਨਰਿੰਦਰਪਾਲ, ਗੁਰਚਰਨ ਸਿੰਘ ਭੋਡੀਪੁਰ, ਨਵਜੋਤ ਸਿੰਘ, ਵਰਿੰਦਰ ਕੁਮਾਰ, ਵਿਵੇਕ ਕੌੜਾ, ਕਰਮਜੀਤ ਸਿੰਘ ਸਚਦੇਵਾ ਹਾਜ਼ਰ ਸਨ।