ਨਹਿਰੂ ਕਾਲਜ ਵਿੱਚ ਪੀਟੀਏ ਫੰਡ ਮੁਆਫ਼ ਕਰਵਾਉਣ ਲਈ ਧਰਨਾ ਜਾਰੀ
ਪੱਤਰ ਪ੍ਰੇਰਕ
ਮਾਨਸਾ, 23 ਜੁਲਾਈ
ਵਿਦਿਆਰਥੀ ਜਥੇਬੰਦੀ ਸਟੂਡੈਂਟ ਪਾਵਰ ਆਫ਼ ਪੰਜਾਬ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਪੱਕਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਹ ਧਰਨਾ ਐਸਸੀ ਵਿਦਿਆਰਥੀਆਂ ਤੋਂ ਕਾਲਜ ਪ੍ਰਸ਼ਾਸਨ ਵੱਲੋਂ ਜ਼ਬਰਦਸਤੀ ਪੀਟੀਏ ਫੰਡ ਵਸੂਲ ਕਰਨ ਦੇ ਖਿਲਾਫ਼ ਦਿੱਤਾ ਜਾ ਰਿਹਾ ਹੈ। ਸਟੂਡੈਂਟਸ ਪਾਵਰ ਆਫ਼ ਪੰਜਾਬ ਦੇ ਸੂਬਾ ਸਕੱਤਰ ਗੁਰਵਿੰਦਰ ਨੰਦਗੜ੍ਹ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਵੱਲੋਂ ਐੱਸਸੀ ਵਿਦਿਆਰਥੀਆਂ ਤੋਂ ਜ਼ਬਰਦਸਤੀ ਪੀਟੀਏ ਫੰਡ ਵਸੂਲਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਐਸਸੀ ਵਿਦਿਆਰਥੀਆਂ ਦਾ ਦਾਖ਼ਲਾ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਤਹਿਤ ਹੁੰਦਾ ਹੈ ਪਰ ਕਾਲਜ ਪ੍ਰਸ਼ਾਸ਼ਨ ਵੱਲੋਂ ਸਰਕਾਰ ਦੇ ਨਿਯਮਾਂ ਦੇ ਉੱਲਟ ਜਾਕੇ ਵਿਦਿਆਰਥੀਆਂ ਤੋਂ ਜ਼ਬਰਦਸਤੀ ਪੀ.ਟੀ.ਏ ਫੰਡ ਵਸੂਲਣ ਦੀ ਕੋਸ਼ਿਸ਼ ਕਰਕੇ ਖੱਜ਼ਲ-ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਭਲਾਈ ਅਫ਼ਸਰ ਨੂੰ ਮੰਗ ਪੱਤਰ ਵੀ ਇਸ ਸੰਬੰਧ ਵਿੱਚ ਦਿੱਤਾ ਜਾ ਚੁੱਕਾ ਹੈ ਪਰ ਕਾਲਜ ਪ੍ਰਸ਼ਾਸ਼ਨ ਉੱਪਰ ਇਸ ਦਾ ਕੋਈ ਅਸਰ ਨਹੀਂ ਹੈ। ਉਨ੍ਹਾਂ ਕਿਹਾ ਕਿ ਧਰਨੇ ਦੇ ਤੀਜੇ ਦਿਨ ਮਾਨਸਾ ਕਾਲਜ ਦੀ ਥਾਂ ਬਠਿੰਡਾ ਵਿਖੇ ਪ੍ਰਿੰਸੀਪਲ, ਜੋ ਨਹਿਰੂ ਕਾਲਜ ਦੇ ਡੀਡੀਓ ਹਨ, ਨੂੰ ਮਿਲਕੇ ਪੀਟੀਏ ਫੰਡ ਮੁਆਫ਼ ਲਈ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀਟੀਏ ਫੰਡ ਮਾਫ਼ੀ ਲਈ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਗੁਰਬਲ ਸਿੰਘ ਫਤਿਹਪੁਰ, ਜਗਤਾਰ ਸਿੰਘ, ਅਰਸ਼ਦੀਪ ਕੋਟਫੱਤਾ, ਮਨਪ੍ਰੀਤ ਸਿੰਘ ਜਵਾਹਰਕੇ, ਬਬਲੂ ਸਿੰਘ ਖੋਖਰ, ਸ਼ਨੀ ਸਿੰਘ ਮਾਨਸਾ, ਗਗਨਦੀਪ ਕੌਰ ਤੇ ਗੁਰਪ੍ਰੀਤ ਕੌਰ ਹਾਜ਼ਰ ਸਨ।