ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਅਧਿਕਾਰੀਆਂ ਖ਼ਿਲਾਫ਼ ਮੁਜ਼ਾਹਰਾ
ਰਵਿੰਦਰ ਰਵੀ
ਬਰਨਾਲਾ/ਧਨੌਲਾ, 4 ਸਤੰਬਰ
ਇਥੇ ਮੁੱਖ ਬਾਜ਼ਾਰ ’ਚ ਖੜ੍ਹੇ ਸੀਵਰੇਜ ਤੇ ਨਾਲੀਆਂ ਦੇ ਗੰਦੇ ਪਾਣੀ ਨੇ ਦੁਕਾਨਦਾਰਾਂ ਦਾ ਧੰਦਾ ਫੇਲ੍ਹ ਕਰ ਕੇ ਰੱਖ ਦਿੱਤਾ ਹੈ ਜਿਸ ਕਾਰਨ ਦੁਕਾਨਦਾਰਾਂ ਨੇ ਸਰਕਾਰ ਤੇ ਨਗਰ ਕੌਂਸਲ ਅਧਿਕਾਰੀਆਂ ਖ਼ਿਲਾਫ਼ ਮੁਜ਼ਾਹਰਾ ਕੀਤਾ। ਵਪਾਰ ਮੰਡਲ ਦੇ ਪ੍ਰਧਾਨ ਰਮਨ ਕੁਮਾਰ ਵਰਮਾ ਨੇ ਦੱਸਿਆ ਕਿ ਮੁੱਖ ਬਾਜ਼ਾਰ ’ਚ ਨਾਲੀਆਂ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਦੁਕਾਨਾਂ ਅੱਗੇ ਖੜ੍ਹਾ ਹੋਣ ਕਾਰਨ ਗਾਹਕ ਪਾਸਾ ਵੱਟ ਕੇ ਲੰਘ ਜਾਂਦਾ ਹੈ। ਉਹ ਪਿਛਲੇ ਕਈ ਮਹੀਨੇ ਤੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਬਾਜ਼ਾਰ ’ਚ ਖੜ੍ਹੇ ਗੰਦੇ ਪਾਣੀ ਸਬੰਧੀ ਕਈ ਵਾਰ ਜਾਣੂ ਕਰਵਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਦੁਕਾਨਦਾਰਾਂ ਨੇ ਮੰਗ ਕਰਦਿਆਂ ਕਿਹਾ ਕਿ ਗੰਦੇ ਪਾਣੀ ਦਾ ਪੱਕੇ ਤੌਰ ’ਤੇ ਹੱਲ ਕੀਤਾ ਜਾਵੇ। ਦੁਕਾਨਦਾਰ ਮਿਠੁਨ ਲਾਲ, ਪ੍ਰਬੋਧ ਕੁਮਾਰ, ਰਿੰਪੀ ਬਾਂਸਲ, ਧਰਮਿੰਦਰ ਕੁਮਾਰ, ਬਿਲਾਸ ਰਾਏ, ਹੈਪੀ, ਜੀਵਨ ਕੁਮਾਰ, ਅਸੋਕ ਕੁਮਾਰ ਬੰਟਾ, ਮੱਖਣ ਕੁਮਾਰ, ਮਹਾਦੇਵ ਕੁਮਾਰ, ਗਗਨਦੀਪ, ਲਛਮਣ ਦਾਸ, ਮਾਹਿਲ ਕੁਮਾਰ, ਕਸਮੀਰ ਚੰਦ, ਨਰੇਸ ਕੁਮਾਰ ਆਦਿ ਨੇ ਕਿਹਾ ਕਿ ਜੇ ਤਿੰਨ ਦਿਨਾਂ ਦੇ ਵਿੱਚ ਇਸ ਗੰਦੇ ਪਾਣੀ ਦਾ ਹੱਲ ਨਹੀਂ ਕੀਤਾ ਗਿਆ ਤਾਂ ਸਮੂਹ ਦੁਕਾਨਦਾਰਾਂ ਵੱਲੋ ਬਾਜ਼ਾਰ ਬੰਦ ਕਰਕੇ ਮੁੱਖ ਸੜਕ ਨੂੰ ਜਾਮ ਕੀਤਾ ਜਾਵੇਗਾ। ਨਗਰ ਕੌਂਸਲ ਧਨੌਲਾ ਦੇ ਮੀਤ ਪ੍ਰਧਾਨ ਰਜਨੀਸ਼ ਕੁਮਾਰ ਨੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਸੀਵਰੇਜ ਦੀਆਂ ਲਾਈਨਾਂ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ।