ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਨੇੜੇ ਮੁਜ਼ਾਹਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਸਤੰਬਰ
ਮੈਡੀਕਲ ਪ੍ਰੈਕਟੀਸ਼ਨਰਜ਼ ਐਸਸੀਏਸ਼ਨ 295 ਪੰਜਾਬ ਵੱਲੋਂ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਇੱਥੇ ਪਾਸੀ ਰੋਡ ’ਤੇ ਸਥਿਤ ਕੋਠੀ ਦੇ ਨੇੜੇ ਰੋਸ ਮੁਜ਼ਾਹਰਾ ਕੀਤਾ ਗਿਆ। ਹਾਲਾਂਕਿ ਉਨ੍ਹਾਂ ਦਾ ਕੋਠੀ ਘੇਰਨ ਦੀ ਯੋਜਨਾ ਸੀ ਪਰ ਜਦੋਂ ਉਹ ਕੋਠੀ ਦੇ ਬਿਲਕੁਲ ਨੇੜੇ ਪਹੁੰਚੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਪਹਿਲਾਂ ਮੈਡੀਕਲ ਪ੍ਰਕੈਟੀਸ਼ਨਰਾਂ ਨੇ ਮਿਨੀ ਸਕੱਤਰੇਤ ਅੱਗੇ ਰੋਸ ਰੈਲੀ ਕੀਤਾ ਜਿਸ ਕਾਰਨ ਜੇਲ੍ਹ ਰੋਡ ’ਤੇ ਆਵਾਜਾਈ ਠੱਪ ਰਹੀ।
ਅੱਜ ਦੇ ਰੋਸ ਪ੍ਰਦਰਸ਼ਨ ਦੀ ਅਗਵਾਈ ਜਥੇਬੰਦੀ ਦੇ ਸੂਬਾਈ ਪ੍ਰਧਾਨ ਜਸਵਿੰਦਰ ਸਿੰਘ ਕਾਲਖ, ਸਰਪ੍ਰਸਤ ਬਲਕਾਰ ਸ਼ੇਰਗਿੱਲ, ਜਨਰਲ ਸਕੱਤਰ ਰਣਜੀਤ ਰਾਣਾ ਅਤੇ ਵਿੱਤ ਸਕੱਤਰ ਧਰਮਪਾਲ ਭਵਾਨੀਗੜ੍ਹ ਨੇ ਕੀਤੀ। ਉਨ੍ਹਾਂ ਆਖਿਆ ਕਿ ਸਿਹਤ ਮੰਤਰੀ ਡਾ. ਬਲਵੀਰ ਸਿੰਘ ਮੀਟਿੰਗਾਂ ਦੌਰਾਨ ਹਰ ਵਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਸੰਜੀਦਗੀ ਨਾਲ ਹੱਲ ਕਰਨ ਦਾ ਭਰੋਸਾ ਦਿੰਦੇ ਆ ਰਹੇ ਹਨ ਪਰ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਸਰਕਾਰ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਹੱਲ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਜਿਸ ਕਾਰਨ ਪੰਜਾਬ ਭਰ ਦੇ ਪ੍ਰੈਕਟੀਸ਼ਨਰਾਂ ’ਚ ਭਾਰੀ ਰੋਸ ਹੈ। ਇਸੇ ਕਰਕੇ ਅੱਜ ਉਹ ਉਨ੍ਹਾਂ ਦੀ ਕੋਠੀ ਦਾ ਘਿਰਾਓ ਕਰਨ ਆਏ ਸਨ। ਉਨ੍ਹਾਂ ਆਖਿਆ ਕਿ ਇਹ ਪੰਜਾਬ ਭਰ ਦੇ ਲੱਖਾਂ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਰੋਜ਼ੀ-ਰੋਟੀ ਦਾ ਸਵਾਲ ਹੈ ਅਤੇ ਦੂਜੇ ਪਾਸੇ ਉਨ੍ਹਾਂ ’ਤੇ 80 ਫੀਸਦੀ ਲੋਕ ਵੀ ਨਿਰਭਰ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਮਾਜਿਕ ਮਸਲਾ ਮੰਨ ਕੇ ਇਸ ਦਾ ਸਥਾਈ ਹੱਲ ਕੀਤਾ ਜਾਵੇ। ਭਾਵੇਂ ਇਸ ਲਈ ਸਰਕਾਰ ਪਾਣੀਆਂ ਦੇ ਵੰਡ ਦੇ ਮਸਲੇ ਵਾਂਗ ਵਿਧਾਨ ਸਭਾ ਵਿੱਚ ਨਵਾਂ ਕਾਨੂੰਨ ਲਿਆਵੇ ਪਰ ਇਹ ਮਸਲਾ ਹੱਲ ਕਰੇ। ਪ੍ਰਧਾਨ ਨੇ ਐਲਾਨ ਕੀਤਾ ਕਿ ਜੇ ਸਰਕਾਰ ਉਨ੍ਹਾਂ ਦੇ ਮਸਲੇ ਨੂੰ ਅਣਗੌਲਿਆਂ ਕੀਤਾ ਉਹ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।