ਸਿਹਤ ਅਤੇ ਜੀਵਨ ਬੀਮਾ ਪ੍ਰੀਮੀਅਮ ’ਤੇ ਲਾਏ ਜੀਐੱਸਟੀ ਖ਼ਿਲਾਫ਼ ‘ਇੰਡੀਆ’ ਗੱਠਜੋੜ ਵੱਲੋਂ ਮੁਜ਼ਾਹਰਾ
ਨਵੀਂ ਦਿੱਲੀ, 6 ਅਗਸਤ
ਇੰਡੀਆ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਨੇ ਸਿਹਤ ਅਤੇ ਜੀਵਨ ਬੀਮਾ ਪ੍ਰੀਮੀਅਮ ’ਤੇ ਲਾਇਆ 18 ਫ਼ੀਸਦੀ ਜੀਐੱਸਟੀ ਵਾਪਸ ਲੈਣ ਦੀ ਮੰਗ ਕਰਦਿਆਂ ਸੰਸਦ ਦੇ ਅਹਾਤੇ ’ਚ ਮੁਜ਼ਾਹਰਾ ਕੀਤਾ। ਸੰਸਦ ਦੇ ਮਕਰ ਦਵਾਰ ਵੱਲ ਜਾਣ ਵਾਲੀਆਂ ਪੌੜੀਆਂ ’ਤੇ ਟੀਐੱਮਸੀ, ਕਾਂਗਰਸ, ‘ਆਪ’ ਅਤੇ ਐੱਨਸੀਪੀ (ਐੱਸਸੀ) ਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਮੁਜ਼ਾਹਰੇ ਵਿੱਚ ਹਿੱਸਾ ਲਿਆ। ਇਨ੍ਹਾਂ ਸੰਸਦ ਮੈਂਬਰਾਂ ਦੇ ਹੱਥਾਂ ਵਿੱਚ ਫੜੀਆਂ ਤਖ਼ਤੀਆਂ ’ਤੇ ‘ਟੈਕਸ ਅਤਿਵਾਦ’ ਲਿਖਿਆ ਹੋਇਆ ਸੀ ਤੇ ਉਨ੍ਹਾਂ ਜੀਵਨ ਤੇ ਸਿਹਤ ਬੀਮਾ ਪ੍ਰੀਮੀਅਮ ’ਤੇ ਲਾਇਆ ਜੀਐੱਸਟੀ ਵਾਪਸ ਲੈਣ ਦੀ ਮੰਗ ਕੀਤੀ।
ਬਾਅਦ ’ਚ ‘ਐਕਸ’ ਉੱਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਹਿੰਦੀ ਵਿੱਚ ਲਿਖਿਆ, ‘ਅੱਜ ਸੰਸਦ ਦੇ ਅਹਾਤੇ ਵਿੱਚ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਨੇ ਸਿਹਤ ਤੇ ਜੀਵਨ ਬੀਮਾ ਪ੍ਰੀਮੀਅਮ ’ਤੇ ਲਾਏ 18 ਫ਼ੀਸਦੀ ਜੀਐੱਸਟੀ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਉਗਰਾਹੀ ਸਾਡੇ ਲੋਕਾਂ, ਖਾਸ ਤੌਰ ’ਤੇ ਮੱਧ ਵਰਗ ਲਈ ਵੱਡਾ ਧੱਕਾ ਹੈ। ਮੱਧ ਵਰਗ ਪਹਿਲਾਂ ਹੀ ਮੋਦੀ ਸਰਕਾਰ ਦੀਆਂ ਟੈਕਸ ਇਕੱਤਰ ਕਰਨ ਦੀਆਂ ਨੀਤੀਆਂ ਦੇ ਬੋਝ ਹੇਠ ਦੱਬਿਆ ਹੋਇਆ ਹੈ। ਸਾਲ 2024 ਵਿੱਚ ਭਾਰਤ ਵਿੱਚ ਮੈਡੀਕਲ ਖੇਤਰ ’ਚ ਮਹਿੰਗਾਈ ਦੀ ਦਰ ਏਸ਼ੀਆ ’ਚ ਸਭ ਤੋਂ ਵੱਧ ਹੈ- ਜੋ 14 ਫ਼ੀਸਦੀ ਹੈ ਤੇ ਹੁਣ ਜੀਵਨ ਬੀਮਾ ਤੇ ਸਿਹਤ ਬੀਮਾ ’ਤੇ ‘ਗੱਬਰ ਸਿੰਘ ਟੈਕਸ’ ਲਾਉਣਾ ਅਣਮਨੁੱਖੀ ਹੈ ਤੇ ਭਾਜਪਾ ਦੀ ਸੰਕਟ ’ਚੋਂ ਮੌਕੇ ਲੱਭਣ ਦੀ ਨੀਤੀ ਦੀ ਮਿਸਾਲ ਹੈ। ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਐਕਸ ’ਤੇ ਲਿਖਿਆ, ‘ਹਰੇਕ ਸੰਕਟ ’ਚੋਂ ‘ਟੈਕਸ ਇਕੱਤਰ ਕਰਨ ਦਾ ਮੌਕਾ’ ਦੇਖਣਾ ਭਾਜਪਾ ਸਰਕਾਰ ਦੀ ਗੈਰ-ਸੰਵੇਦਨਸ਼ੀਲ ਸੋਚ ਦੀ ਮਿਸਾਲ ਹੈ। ਇੰਡੀਆ ਗੱਠਜੋੜ ਇਸ ਦਾ ਵਿਰੋਧ ਕਰਦਾ ਹੈ।’ ਇਸ ਦੌਰਾਨ ਐੱਮਪੀ ਸ਼ਸ਼ੀ ਥਰੂਰ ਤੋਂ ਇਲਾਵਾ ਟੀਐੱਮਸੀ ਦੇ ਆਗੂਆਂ ਤੇ ਪਾਰਟੀ ਮੁਖੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਿਰਮਲਾ ਸੀਤਾਰਮਨ ਕੋਲ ਇਹ ਮੁੱਦਾ ਚੁੱਕਿਆ। -ਪੀਟੀਆਈ