ਝੋਨੇ ਦੀ ਲਿਫਟਿੰਗ ’ਚ ਦੇਰੀ ਦੇ ਮੁੱਦੇ ਉੱਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ
ਹਤਿੰਦਰ ਮਹਿਤਾ
ਜਲੰਧਰ, 5 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਪੰਜਾਬ) ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਨੁਮਾਇੰਦਗੀ ਕਰ ਰਹੇ 250 ਦੇ ਕਰੀਬ ਕਿਸਾਨਾਂ ਨੇ ਦਾਣਾ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਵਿੱਚ ਦੇਰੀ ਦੇ ਮੁੱਦੇ ਨੂੰ ਲੈ ਕੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ।
ਬੀਕੇਯੂ ਕਾਦੀਆਂ ਦੀ ਜਲੰਧਰ ਇਕਾਈ ਦੇ ਪ੍ਰਧਾਨ ਅਮਰੀਕ ਸਿੰਘ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਮੰਡੀਆਂ ਵਿੱਚ ਆ ਰਹੇ ਝੋਨੇ ਦੀ ਉਸੇ ਸ਼ਾਮ ਤੱਕ ਲਿਫਟਿੰਗ ਯਕੀਨੀ ਬਣਾਈ ਜਾਵੇ, ਨਹੀਂ ਤਾਂ ਉਹ ਐਤਵਾਰ ਸਵੇਰ ਤੋਂ ਸੂਬਾ ਪੱਧਰ ਸੜਕ ਜਾਮ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰੀ ਅਧਿਕਾਰੀਆਂ ਨੇ ਸ਼ਾਮ ਤੱਕ ਝੋਨੇ ਦੀ ਲਿਫਟਿੰਗ ਸ਼ੁਰੂ ਨਾ ਕੀਤੀ ਤਾਂ ਫਿਲੌਰ ’ਚ ਨੈਸ਼ਨਲ ਹਾਈਵੇਅ ਅਤੇ ਮਹਿਤਪੁਰ ਵਿੱਚ ਸਟੇਟ ਹਾਈਵੇਅ ਨੂੰ ਜਾਮ ਕਰ ਦਿੱਤਾ ਜਾਵੇਗਾ। ਬੀ.ਕੇ.ਯੂ ਕਾਦੀਆਂ ਦੇ ਮੀਤ ਪ੍ਰਧਾਨ ਕੁਲਜੀਤ ਸਿੰਘ ਨੇ ਕਿਹਾ,‘ਪਰਾਲੀ ਨੂੰ ਅੱਗ ਲਾਉਣ ’ਤੇ ਸਰਕਾਰੀ ਅਧਿਕਾਰੀ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀਆਂ ਧਮਕੀਆਂ ਦੇ ਰਹੇ ਹਨ ਪਰ ਉਨ੍ਹਾਂ ਦੀ ਫਸਲ ਦੀ ਖਰੀਦ ਵਿੱਚ ਦੇਰੀ ਹੋਣ ’ਤੇ ਉਹ ਕੋਈ ਕਾਰਵਾਈ ਨਹੀਂ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਨਿਰਧਾਰਿਤ ਦਿਨ ਤੋਂ ਝੋਨਾ ਨਾ ਚੁੱਕਣ ’ਤੇ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇ। ਇਸ ਮੌਕੇ ਬੀਕੇਯੂ ਪੰਜਾਬ ਦੇ ਪ੍ਰਧਾਨ ਲਖਬੀਰ ਸਿੰਘ ਨੇ ਵੀ ਸੰਬੋਧਨ ਕੀਤਾ।
ਕਿਸਾਨਾਂ ਤੇ ਕਮਿਸ਼ਨ ਏਜੰਟਾਂ ਵੱਲੋਂ ਰੋਸ ਧਰਨਾ
ਪਠਾਨਕੋਟ (ਐਨਪੀ ਧਵਨ): ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੱਦੇ ’ਤੇ ਅੱਜ ਇੱਥੇ ਕਿਸਾਨਾਂ ਅਤੇ ਕਮਿਸ਼ਨ ਏਜੰਟਾਂ ਨੇ ਰੋਹ ਦਾ ਪ੍ਰਗਟਾਵਾ ਕੀਤਾ ਅਤੇ ਮੰਗਾਂ ਸਬੰਧੀ ਸਿਵਲ ਸਪਲਾਈ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਦੇ ਨਾਂ ਪੱਤਰ ਡੀਐੱਸਪੀ (ਦਿਹਾਤੀ) ਸੁਖਜਿੰਦਰ ਥਾਪਰ ਨੂੰ ਸੌਂਪਿਆ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਪਹੁੰਚ ਗਿਆ ਹੈ ਪਰ ਪੰਜਾਬ ਸਰਕਾਰ ਅਜੇ ਤੱਕ ਕਮਿਸ਼ਨ ਏਜੰਟਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰ ਸਕੀ। ਹਾਲਾਂਕਿ ਕਮਿਸ਼ਨ ਏਜੰਟਾਂ ਨੇ ਦੋ ਮਹੀਨੇ ਪਹਿਲਾਂ ਸਰਕਾਰ ਨੂੰ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ਸੀ ਪਰ ਸਰਕਾਰ ਦੀ ਢਿੱਲ-ਮੱਠ ਕਾਰਨ ਕਮਿਸ਼ਨ ਏਜੰਟਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ। ਪ੍ਰਧਾਨ ਛੀਨਾ ਨੇ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਕਮਿਸ਼ਨ ਏਜੰਟਾਂ ਦੀ ਸਮੱਸਿਆ ਨੂੰ ਅੱਜ ਹੀ ਹੱਲ ਕਰ ਸਕਦੀ ਹੈ ਪਰ ਸਰਕਾਰ ਮੰਗਾਂ ਮੰਨਣ ਦੀ ਬਜਾਏ ਦੋਵਾਂ ਪਾਸਿਆਂ ਤੋਂ ਮੁਸੀਬਤ ਖੜ੍ਹੀ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਨਾ ਕੀਤੀ ਤਾਂ ਕਿਸਾਨ ਵੱਡੇ ਸੰਘਰਸ਼ ਨਾਲ ਸੜਕਾਂ ’ਤੇ ਉਤਰਨਗੇ। ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
ਆੜ੍ਹਤੀਆਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ
ਫਗਵਾੜਾ (ਪੱਤਰ ਪ੍ਰੇਰਕ): ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਪੰਜਾਬ ਭਰ ਦੀਆਂ ਸਮੂਹ ਆੜ੍ਹਤੀਆ ਐਸੋਸੀਏਸ਼ਨਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ’ਚ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਲਈ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਆੜ੍ਹਤੀਆਂ ਵੱਲੋਂ ਕੰਮਕਾਜ ਠੱਪ ਰੱਖਿਆ ਗਿਆ। ਆੜ੍ਹਤੀਆਂ ਦੇ ਸਮਰਥਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪੁੱਜੇ ਤੇ ਉਨ੍ਹਾਂ ਧਰਨੇ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆੜ੍ਹਤੀਆਂ ਦੀਆਂ ਮੰਗਾਂ ’ਤੇ ਗੌਰ ਕਰ ਕੇ ਇਸ ਦਾ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਭਾਰਦਵਾਜ ਤੇ ਕੁਲਵੰਤ ਰਾਏ ਪੱਬੀ ਪ੍ਰਧਾਨ ਨੇ ਕਿਹਾ ਕਿ ਸਰਕਾਰਾ ਨੂੰ ਤੁਰੰਤ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਲਾਪਰਵਾਹੀ ਜਾਰੀ ਰੱਖੀ ਤਾਂ ਉਹ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ, ਰਜਿੰਦਰ ਸਿੰਘ ਚੰਦੀ, ਸਰੂਪ ਸਿੰਘ ਖਲਵਾੜਾ, ਬਹਾਦਰ ਸਿੰਘ ਸੰਗਤਪੁਰ ਤੇ ਜਸਵਿੰਦਰ ਸਿੰਘ ਭਗਤਪੁਰਾ ਸਮੇਤ ਆੜ੍ਹਤੀ ਸ਼ਾਮਿਲ ਸਨ।