ਬਿਜਲੀ ਕਾਮਿਆਂ ਵੱਲੋਂ ਰੋਸ ਮੁਜ਼ਾਹਰਾ
ਪੱਤਰ ਪ੍ਰੇਰਕ
ਚੰਡੀਗੜ੍ਹ, 30 ਜਨਵਰੀ
ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦੇ ਸੱਦੇ ਉੱਤੇ ਬਿਜਲੀ ਕਾਮਿਆਂ ਨੇ ਅੱਜ ਸੈਕਟਰ 16 ਵਿਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਸ਼ਾਮਲ ਕਾਮਿਆਂ ਨੇ ਬਰਾਬਰ ਕੰਮ-ਬਰਾਬਰ ਤਨਖਾਹ ਦੀ ਮੰਗ ਕਰਦਿਆਂ ਯੂ.ਟੀ. ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਏ.ਡੀ.ਸੀ. ਅਨੀਸ਼ਾ ਸ੍ਰੀਵਾਸਤਵਾ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਰੋਸ ਪ੍ਰਦਰਸ਼ਨ ਨੂੰ ਕੋ-ਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐੱਮ.ਸੀ. ਐਂਪਲਾਈਜ਼ ਅਤੇ ਵਰਕਰਜ਼ ਯੂ.ਟੀ. ਚੰਡੀਗੜ੍ਹ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ, ਯੂਨੀਅਨ ਦੇ ਚੇਅਰਮੈਨ ਵਰਿੰਦਰ ਬਿਸ਼ਟ, ਪ੍ਰਧਾਨ ਕਿਸ਼ੋਰੀ ਲਾਲ, ਵਾਟਰ ਸਪਲਾਈ ਵਰਕਰਜ਼ ਯੂਨੀਅਨ ਤੋਂ ਰਾਜਿੰਦਰ ਕੁਮਾਰ ਅਤੇ ਸੁਰਿੰਦਰ ਕੁਮਾਰ, ਸੁਖਵਿੰਦਰ ਸਿੰਘ, ਪ੍ਰੀਤਮ ਸਿੰਘ, ਚੈਨ ਸਿੰਘ ਰਾਣਾ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਦੌਰਾਨ ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਆਊਟਸੋਰਸਡ ਕਾਮਿਆਂ ਨੂੰ ਬਰਾਬਰ ਕੰਮ ਦੇ ਲਈ ਬਰਾਬਰ ਤਨਖਾਹ ਦਿੱਤੀ ਜਾਵੇ ਤੇ ਨੌਕਰੀਓਂ ਕੱਢੇ ਹੋਏ ਕਾਮਿਆਂ ਨੂੰ ਕੰਮ ਉਤੇ ਦੁਬਾਰਾ ਰੱਖਿਆ ਜਾਵੇ। ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਨੂੰ ਮੰਗ ਪੱਤਰ ਵਿੱਚ ਸ਼ਾਮਿਲ ਕੀਤਾ ਗਿਆ। ਬੁਲਾਰਿਆਂ ਨੇ ਐਲਾਨ ਕੀਤਾ ਕਿ ਜੇਕਰ ਮੰਗਾਂ ਨੂੰ ਜਲਦ ਨਾ ਮੰਨਿਆ ਗਿਆ ਤਾਂ ਕੋ-ਆਰਡੀਨੇਸ਼ਨ ਕਮੇਟੀ ਦੇ ਸੱਦੇ ਉੱਤੇ 22 ਫਰਵਰੀ ਨੂੰ ਯੂ.ਟੀ. ਸਕੱਤਰੇਤ ਦੇ ਕੀਤੇ ਜਾ ਰਹੇ ਘਿਰਾਓ ਵਿੱਚ ਬਿਜਲੀ ਕਾਮੇ ਵੀ ਸ਼ਾਮਲ ਹੋਣਗੇ ਅਤੇ ਗੇਟ ਮੀਟਿੰਗਾਂ ਜਾਰੀ ਰਹਿਣਗੀਆਂ।