For the best experience, open
https://m.punjabitribuneonline.com
on your mobile browser.
Advertisement

ਸੀਸੀਪੀਸੀਆਰ ਦੀ ਟੀਮ ਵੱਲੋਂ ਸੈਕਟਰ-34 ਮੇਲੇ ਦਾ ਨਿਰੀਖਣ

06:29 AM Jun 28, 2024 IST
ਸੀਸੀਪੀਸੀਆਰ ਦੀ ਟੀਮ ਵੱਲੋਂ ਸੈਕਟਰ 34 ਮੇਲੇ ਦਾ ਨਿਰੀਖਣ
ਚੰਡੀਗੜ੍ਹ ਦੇ ਸੈਕਟਰ-34 ਦੇ ਮੇਲੇ ਵਿੱਚ ਝੂਲਿਆਂ ਦੀ ਜਾਂਚ ਕਰਦੇ ਹੋਏ ਸੀਸੀਪੀਸੀਆਰ ਦੇ ਚੇਅਰਪਰਸਨ ਸ਼ਿਪਰਾ ਬਾਂਸਲ ਤੇ ਟੀਮ ਮੈਂਬਰ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 27 ਜੂਨ
ਚੰਡੀਗੜ੍ਹ ਦੇ ਇੱਕ ਮਾਲ ਵਿੱਚ ਖਿਡੌਣਾ ਰੇਲ ਹਾਦਸੇ ਵਿੱਚ 11 ਸਾਲਾ ਬੱਚੇ ਦੀ ਮੌਤ ਹੋਣ ਤੋਂ ਬਾਅਦ ਹਰਕਤ ਵਿੱਚ ਆਏ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਸਮੇਤ ਸ਼ਹਿਰ ਦੇ ਹੋਰ ਸ਼ਾਪਿੰਗ ਮਾਲਾਂ ਵਿੱਚ ਲਗਾਏ ਝੂਲਿਆਂ ਆਦਿ ਦੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਅੱਜ ਸ਼ਾਮ ਨੂੰ ਅਚਾਨਕ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਸੀਸੀਪੀਸੀਆਰ) ਦੀ ਟੀਮ ਨੇ ਸੈਕਟਰ-34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਚੱਲ ਰਹੇ ‘ਸਿੰਗਾਪੁਰ ਕਾਰਨੀਵਲ’ ਮੇਲੇ ਵਿੱਚ ਬੱਚਿਆਂ ਲਈ ਐਮਰਜੈਂਸੀ ਰੈਸਕਿਊ ਮੈਨੇਜਮੈਂਟ ਤਹਿਤ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕੀਤਾ। ਟੀਮ ਨੇ ਇੱਥੇ ਲਗਾਏ ਹੋਏ ਝੂਲਿਆਂ ਦੀ ਤਕਨੀਕੀ ਤੌਰ ’ਤੇ ਵੀ ਜਾਂਚ ਕੀਤੀ।
ਸੀਸੀਪੀਸੀਆਰ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਆਪਣੀ ਟੀਮ ਦੇ ਨਾਲ ਮੇਲੇ ਵਿੱਚ ਲਗਾਏ ਗਏ ਸਾਰੇ ਝੂਲਿਆਂ ਦੀ ਫਿਟਨੈੱਸ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਮੇਲਾ ਪ੍ਰਬੰਧਕਾਂ ਨੂੰ ਉਨ੍ਹਾਂ ਵਿਚਲੀਆਂ ਸੁਰੱਖਿਆ ਸਬੰਧੀ ਕਮੀਆਂ ਬਾਰੇ ਜਾਣੂ ਕਰਵਾਇਆ। ਸ਼ਿਪਰਾ ਬਾਂਸਲ ਨੇ ਮੇਲੇ ਵਿੱਚ ਬੱਚਿਆਂ ਲਈ ਅਸੁਰੱਖਿਅਤ ਮੰਨੇ ਜਾਂਦੇ ਦੋ ਝੂਲਿਆਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ। ਇਨ੍ਹਾਂ ਝੂਲਿਆਂ ਵਿੱਚ ਬੱਚਿਆਂ ਦੇ ਨਾਲ-ਨਾਲ ਵੱਡਿਆਂ ਦੇ ਬੈਠਣ ਲਈ ਵੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਹੀਂ ਸਨ ਅਤੇ ਝੂਲੇ ਚੱਲਦੇ ਸਮੇਂ ਕੋਈ ਵੀ ਹਾਦਸਾ ਵਾਪਰ ਸਕਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ-ਇਕ ਕਰ ਕੇ ਸਾਰੇ ਝੂਲਿਆਂ ਦਾ ਨਿਰੀਖਣ ਕੀਤਾ ਅਤੇ ਝੂਲੇ ਚਲਾਉਣ ਵਾਲੇ ਕਰਮਚਾਰੀਆਂ ਦੀ ਟਰੇਨਿੰਗ ਅਤੇ ਫਿਟਨੈੱਸ ਬਾਰੇ ਜਾਣਕਾਰੀ ਹਾਸਲ ਕੀਤੀ। ਉਪਰੰਤ ਉਨ੍ਹਾਂ ਮੇਲੇ ਵਿੱਚ ਫਾਇਰ ਸੇਫਟੀ ਪ੍ਰਬੰਧਾਂ ਦੀ ਵੀ ਜਾਂਚ ਕੀਤੀ ਅਤੇ ਮੇਲੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਾਲ-ਨਾਲ ਪ੍ਰਬੰਧਕਾਂ ਕੋਲੋਂ ਸੁਰੱਖਿਆ ਸਰਟੀਫਿਕੇਟ ਦੀ ਮੰਗ ਵੀ ਕੀਤੀ। ਉਨ੍ਹਾਂ ਮੇਲੇ ਵਿੱਚ ਬੇਤਰੀਬ ਢੰਗ ਨਾਲ ਵਿਛਾਈਆਂ ਬਿਜਲੀ ਦੀਆਂ ਤਾਰਾਂ ਨੂੰ ਵੀ ਠੀਕ ਕਰਨ ਲਈ ਕਿਹਾ। ਜਾਂਚ ਤੋਂ ਬਾਅਦ ਉਨ੍ਹਾਂ ਮੇਲਾ ਪ੍ਰਬੰਧਕਾਂ ਕੋਲੋਂ ਮੇਲਾ ਲਗਾਉਣ ਸਬੰਧੀ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵੱਲੋਂ ਜਾਰੀ ਕੀਤੇ ਗਏ ਸਾਰੇ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ਾਂ ਦੀ ਮੰਗ ਕੀਤੀ। ਇਸ ’ਤੇ ਮੇਲਾ ਪ੍ਰਬੰਧਕ ਮੌਕੇ ’ਤੇ ਸਾਰੇ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਸੀਸੀਪੀਸੀਆਰ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਮੇਲਾ ਪ੍ਰਬੰਧਕਾਂ ਨੂੰ ਇਨ੍ਹਾਂ ਸਾਰੇ ਦਸਤਾਵੇਜ਼ਾਂ ਸਮੇਤ ਭਲਕੇ ਦੁਪਹਿਰ ਤੱਕ ਕਮਿਸ਼ਨ ਦੇ ਦਫ਼ਤਰ ਪਹੁੰਚਣ ਲਈ ਕਿਹਾ।
ਮੇਲੇ ਦੀ ਜਾਂਚ ਕਰਨ ਉਪਰੰਤ ਸ਼ਿਰਪਾ ਬਾਂਸਲ ਨੇ ਦੱਸਿਆ ਕਿ ਮੇਲੇ ਵਿੱਚ ਕੀਤੀ ਜਾਂਚ ਦੌਰਾਨ ਕਈ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਆਈਆਂ ਹਨ।
ਉਨ੍ਹਾਂ ਇਸ ਸਬੰਧੀ ਮੇਲਾ ਪ੍ਰਬੰਧਕਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਮੇਲੇ ਦੀ ਪ੍ਰਵਾਨਗੀ ਸਬੰਧੀ ਸਾਰੇ ਸਰਕਾਰੀ ਦਸਤਾਵੇਜ਼ਾਂ ਅਤੇ ਮੇਲੇ ਵਿੱਚ ਸਮੂਹ ਸਟਾਫ਼ ਦੀ ਪੜ੍ਹਾਈ ਅਤੇ ਸਿਖਲਾਈ ਸਬੰਧੀ ਰਿਕਾਰਡ ਸਮੇਤ ਭਲਕੇ ਦੁਪਹਿਰ ਤੱਕ ਕਮਿਸ਼ਨ ਦੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ। ਦੂਜੇ ਪਾਸੇ ਮੇਲਾ ਪ੍ਰਬੰਧਕ ਅਯੁੱਧਿਆ ਪ੍ਰਸਾਦ ਨੇ ਕਿਹਾ ਕਿ ਜਾਂਚ ਦੌਰਾਨ ਮੇਲੇ ਵਿੱਚ ਜੋ ਵੀ ਖਾਮੀਆਂ ਪਾਈਆਂ ਗਈਆਂ ਹਨ ਉਨ੍ਹਾਂ ਨੂੰ ਤੁਰੰਤ ਦਰੁਤਸ ਕਰ ਦਿੱਤਾ ਜਾਵੇਗਾ। ਮੇਲੇ ਵਿੱਚ ਆਉਣ ਵਾਲੇ ਬੱਚਿਆਂ ਸਮੇਤ ਹਰੇਕ ਕਿਸੇ ਦੀ ਸੁਰੱਖਿਆ ਸਭ ਤੋਂ ਅਹਿਮ ਹੈ।

Advertisement

Advertisement
Author Image

joginder kumar

View all posts

Advertisement
Advertisement
×