ਚੋਰੀਆਂ ਤੋਂ ਪ੍ਰੇਸ਼ਾਨ ਧੂਰੀ ਵਾਸੀਆਂ ਵੱਲੋਂ ਪ੍ਰਦਰਸ਼ਨ
ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ
ਧੂਰੀ, 10 ਜਨਵਰੀ
ਸ਼ਹਿਰ ਅੰਦਰ ਰੋਜ਼ਾਨਾ ਵਾਪਰ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸ਼ਹਿਰ ਦੇ ਵਪਾਰੀਆਂ ਤੋਂ ਇਲਾਵਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਵੱਲੋਂ ਧੂਰੀ ਥਾਣੇ ਦੇ ਮੁਖੀ ਨੂੰ ਮਿਲ ਕੇ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਵਪਾਰੀ ਆਗੂ ਵਿਕਾਸ ਜੈਨ ਅਤੇ ਸ਼ੁਭਮ ਸ਼ਰਮਾ ਨੇ ਕਿਹਾ ਕਿ ਸ਼ਹਿਰ ਅੰਦਰ ਰੋਜ਼ਾਨਾ ਚੋਰੀਆਂ ਹੁੰਦੀਆਂ ਹਨ, ਜਿਸ ਕਾਰਨ ਸ਼ਹਿਰ ਦੇ ਆਮ ਲੋਕਾਂ ਤੋਂ ਇਲਾਵਾ ਵਪਾਰੀਆਂ, ਦੁਕਾਨਦਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ’ਚ ਵੀ ਸਹਿਮ ਦਾ ਮਾਹੌਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੇ ਨਾਲ-ਨਾਲ ਮਰੀਜ਼ਾਂ ਦੇ ਵੀ ਮੋਬਾਈਲ ਫੋਨ ਚੋਰੀ ਹੋ ਰਹੇ ਹਨ। ਸ਼ਹਿਰ ਦੇ ਅਨੇਕਾਂ ਹਿੱਸਿਆਂ ਵਿੱਚ ਰੋਜ਼ਾਨਾ ਚੋਰੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਭਾਵੇ ਪੁਲੀਸ ਆਪਣੇ ਪੱਧਰ ’ਤੇ ਇਨ੍ਹਾਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਯਤਨਸ਼ੀਲ ਹੈ ਪਰ ਫਿਰ ਵੀ ਸ਼ਹਿਰ ’ਚ ਅਜਿਹੀਆਂ ਘਟਨਾਵਾਂ ਨਿੱਤ ਦਿਨ ਵਾਪਰਦੀਆਂ ਹਨ। ਉਨ੍ਹਾਂ ਪੁਲੀਸ ਤੋਂ ਗਸ਼ਤ ਵਧਾਉਣ ਦੇ ਨਾਲ-ਨਾਲ ਚੋਰੀਆਂ ਦਾ ਸਿਲਸਿਲਾ ਜਲਦੀ ਬੰਦ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਅਜਿਹੀਆਂ ਘਟਨਾਵਾਂ ਨਾ ਰੋਕੀਆਂ ਗਈਆਂ ਤਾਂ ਉਹ ਸ਼ਹਿਰ ਦੇ ਲੋਕਾਂ ਦੀ ਮਦਦ ਨਾਲ ਤਿੱਖਾ ਸੰਘਰਸ਼ ਸ਼ੁਰੂ ਕਰਨਗੇ। ਦੂਸਰੇ ਪਾਸੇ ਧੂਰੀ ਪੁਲੀਸ ਇੰਸਪੈਕਟਰ ਜਸਵੀਰ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਰਾਤ ਦੀ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਪੀਸੀਆਰ ਦੀਆਂ ਟੀਮਾਂ ਰਾਤ ਸਮੇਂ ਮੁਸਤੈਦ ਹਨ। ਉਨ੍ਹਾਂ ਕਿਹਾ ਜਲਦੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਪੁਲੀਸ ਨਫਰੀ ਵਧਾਈ ਜਾਵੇਗੀ।