ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਪੱਤਰ ਪ੍ਰੇਰਕ
ਫਗਵਾੜਾ, 7 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਗੁਜਰਾਤ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਨਾਰਾਜ਼ ਕਾਂਗਰਸੀ ਕਾਰਕੁਨਾਂ ਨੇ ਅੱਜ ਇੱਥੇ ਜੀਟੀ ਰੋਡ ਸਥਿਤ ਰੈਸਟ ਹਾਊਸ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਰਾਜ ’ਚ ਨਿਆਂਪਾਲਿਕਾ ਵੀ ਆਜ਼ਾਦ ਨਹੀਂ ਰਹੀ ਤੇ ਦੇਸ਼ ਦਾ ਲੋਕਤੰਤਰ ਭਾਜਪਾ ਤੇ ਆਰਐੱਸਐੱਸ ਦੀ ਕਠਪੁਤਲੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਸਾਜ਼ਿਸ਼ ਤਹਿਤ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਗਈ ਤੇ ਹੁਣ ਉਨ੍ਹਾਂ ਨੂੰ ਬਹਾਲ ਨਹੀਂ ਹੋਣ ਦਿੱਤਾ ਜਾ ਰਿਹਾ, ਜੋ ਕਿ ਲੋਕਤੰਤਰ ਦਾ ਕਤਲ ਕਰਨ ਦੇ ਬਰਾਬਰ ਹੈ। ਇਸ ਮੌਕੇ ਬਲਾਕ ਸ਼ਹਿਰੀ ਕਾਂਗਰਸ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ, ਬਲਾਕ ਪ੍ਰਧਾਨ ਮਨੀਸ਼ ਪ੍ਰਭਾਕਰ, ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸਾਬਕਾ ਬਲਾਕ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨਰੇਸ਼ ਭਾਰਦਵਾਜ ਆਦਿ ਹਾਜ਼ਰ ਸਨ।
ਪਠਾਨਕੋਟ (ਪੱਤਰ ਪ੍ਰੇਰਕ): ਗੁਜਰਾਤ ਹਾਈਕੋਰਟ ਵੱਲੋਂ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਸਜ਼ਾ ’ਤੇ ਰੋਕ ਲਗਾਉਣ ਦੀ ਮੰਗ ਕਰਦੀ ਰੀਵਿਊ ਪਟੀਸ਼ਨ ਖਾਰਜ ਕਰਨ ਦੇ ਫੈਸਲੇ ਮਗਰੋਂ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਰਾਕੇਸ਼ ਬਬਲੀ ਦੀ ਅਗਵਾਈ ਵਿੱਚ ਅੱਜ ਪਾਰਟੀ ਕਾਰਕੁਨਾਂ ਨੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਵਿੱਚ ਆਸ਼ੀਸ਼ ਵਿੱਜ, ਗਣੇਸ਼ ਮਹਾਜਨ, ਚਰਨਜੀਤ ਹੈਪੀ, ਕਾਂਗਰਸ ਸੇਵਾ ਦਲ ਦੇ ਗੁਲਸ਼ਨ ਕੁਮਾਰ, ਮੁਕੇਸ਼, ਨਿਰੰਜਨ, ਸਵਰਨ ਸਿੰਘ, ਪ੍ਰੇਮ ਚੋਪੜਾ, ਰਾਜੇਸ਼ ਭੱਲਾ, ਜਤਿਨ ਵਾਲੀਆ, ਧਰਮਪਾਲ ਪੱਪੂ, ਕੇਵਲ ਕ੍ਰਿਸ਼ਨ, ਪ੍ਰਸ਼ੋਤਮ, ਵਿਨੋਦ ਕੁਮਾਰ ਆਦਿ ਹਾਜ਼ਰ ਸਨ।