ਭਾਜਪਾ ਵੱਲੋਂ ਤਿਹਾੜ ਜੇਲ੍ਹ ਦੇ ਬਾਹਰ ਮੁਜ਼ਾਹਰਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਅਗਸਤ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਅੱਜ ਦੁਪਹਿਰ 12 ਵਜੇ ਦੇ ਕਰੀਬ ਭਾਜਪਾ ਨਿਗਮ ਕੌਂਸਲਰਾਂ, ਆਗੂਆਂ ਅਤੇ ਵਰਕਰਾਂ ਨੇ ਦਿੱਲੀ ਦੀ ਤਿਹਾੜ ਜੇਲ੍ਹ ਦੇ ਬਾਹਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਕਰੀਬ ਅੱਧਾ ਘੰਟਾ ਤਿਹਾੜ ਜੇਲ੍ਹ ਦੇ ਮੁੱਖ ਗੇਟ ’ਤੇ ਇਕੱਠੇ ਰਹੇ ਜਿਸ ਰਾਹੀਂ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਅੰਦਰ ਜਾਂਦੇ ਹਨ।
ਪ੍ਰਦਰਸ਼ਨ ਕਰ ਰਹੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਚਦੇਵਾ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਕੱਲ੍ਹ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਕਾਨੂੰਨੀ ਤੌਰ ’ਤੇ ਜਾਇਜ਼ ਕਰਾਰ ਦਿੱਤੇ ਜਾਣ ਮਗਰੋਂ ਕੇਜਰੀਵਾਲ ਕੋਲ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਬਚਿਆ। ਇਸ ਲਈ ਹੁਣ ਦਿੱਲੀ ਦੇ ਲੋਕ ਵੀ ਮੰਗ ਕਰ ਰਹੇ ਹਨ ਕਿ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ ਕਿਉਂਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵੀ ਉਨ੍ਹਾਂ ਨੂੰ ਸੰਕੇਤ ਦੇ ਚੁੱਕੀ ਹੈ।
ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਕਰੋੜਾਂ ਰੁਪਏ ਦਾ ਕਮਿਸ਼ਨ ਲੈਣ ਦੇ ਕਥਿਤ ਮੁਲਜ਼ਮ ਕੇਜਰੀਵਾਲ ਸ਼ਰਾਬ ਘੁਟਾਲੇ ਦਾ ਮੁੱਖ ‘ਦਿਮਾਗ’ ਹੈ ਅਤੇ ਇਸੇ ਆਧਾਰ ’ਤੇ ਹਾਈ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਕੇਜਰੀਵਾਲ ਨੂੰ ਆਪਣੇ ਸ਼ੀਸ਼ ਮਹਿਲ ਨਾਲ ਮੋਹ ਹੈ, ਜੋ ਉਨ੍ਹਾਂ ਨੂੰ ਅਸਤੀਫਾ ਦੇਣ ਤੋਂ ਰੋਕ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦਿੱਲੀ ਵਿੱਚ 20 ਮਿੰਟ ਦੀ ਬਰਸਾਤ ਨਾਲ ਪੂਰੀ ਦਿੱਲੀ ਪਾਣੀ ਵਿੱਚ ਡੁੱਬ ਜਾਂਦੀ ਹੈ ਅਤੇ ਲੋਕਾਂ ਨੂੰ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਦਿੱਲੀ ਦੇ ਮੰਤਰੀ ਸਿਰਫ਼ ਝੂਠ ਬੋਲਦੇ ਹਨ।
ਉਨ੍ਹਾਂ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਾਬਕਾ ਮੰਤਰੀ ਸਤੇਂਦਰ ਜੈਨ ਜੇਲ੍ਹ ਵਿੱਚ ਹਨ ਅਤੇ ਬਾਕੀ ਮੰਤਰੀ ਅਤੇ ਵਿਧਾਇਕ ਜੋ ਬਾਹਰ ਹਨ ਉਹ ਸਿਰਫ਼ ਪ੍ਰੈੱਸ ਕਾਨਫਰੰਸਾਂ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਵਿੱਚ ਕੁੱਲ 71 ਕੈਬਨਿਟ ਮੀਟਿੰਗਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਸਿਰਫ਼ 15 ਵਾਸਤਵਿਕ ਕੈਬਨਿਟ ਮੀਟਿੰਗਾਂ ਸਨ ਅਤੇ ਬਾਕੀ 56 ਮੀਟਿੰਗਾਂ ਵਿੱਚ ਸਿਰਫ਼ ਤੁਗ਼ਲਕੀ ਟੈਲੀਫ਼ੋਨਿਕ ਫ਼ਰਮਾਨ ਜਾਰੀ ਕੀਤਾ ਗਿਆ ਸੀ ਅਤੇ ਬਿਨਾਂ ਕਿਸੇ ਵਿਚਾਰ-ਵਟਾਂਦਰੇ ਦੇ ਦਸਤਖ਼ਤ ਕੀਤੇ ਗਏ ਸਨ। ਇਸ ਮੌਕੇ ਉਨ੍ਹਾਂ ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਕੀਤੀ।