ਮੰਗਾਂ ਨਾ ਮੰਨਣ ’ਤੇ ਮੈਰੀਟੋਰੀਅਸ ਸਕੂਲਾਂ ਦੇ ਕੱਚੇ ਅਧਿਆਪਕ ’ਚ ਰੋਸ
ਦਰਸ਼ਨ ਸਿੰਘ ਸੋਢੀ
ਐੱਸਏਐਸ ਨਗਰ (ਮੁਹਾਲੀ), 28 ਦਸੰਬਰ
ਕੈਬਨਿਟ ਸਬ-ਕਮੇਟੀ ਵੱਲੋਂ ਵਾਰ-ਵਾਰ ਮੀਟਿੰਗਾਂ ਨੂੰ ਅੱਗੇ ਪਾਉਣ ਕਾਰਨ ਸਰਕਾਰੀ ਮੈਰੀਟੋਰੀਅਸ ਸਕੂਲਾਂ ਦੇ ਕੱਚੇ ਅਧਿਆਪਕਾਂ ਵਿੱਚ ਭਾਰੀ ਰੋਸ ਹੈ। ਇਸ ਸਬੰਧੀ ਅੱਜ ਅਧਿਆਪਕਾਂ ਨੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਸੀਨੀਅਰ ਮੀਤ ਪ੍ਰਧਾਨ ਡਾ. ਟੀਨਾ ਨੇ ਦੱਸਿਆ ਕਿ ਹਰ ਵਾਰ ਮੀਟਿੰਗ ਨੂੰ ਅੱਗੇ ਪਾ ਦੇਣਾ ਅਤੇ ਮੈਰੀਟੋਰੀਅਸ ਟੀਚਰਜ਼ ਦੀ ਗੱਲ ਨਾ ਸੁਣਨਾ ਹੁਕਮਰਾਨਾਂ ਲਈ ਮਾੜੀ ਗੱਲ ਹੈ, ਪਿਛਲੇ ਮਹੀਨੇ ਸੰਘਰਸ਼ ਤੋਂ ਬਾਅਦ ਪੈਨਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਪਰ ਅਧਿਕਾਰੀ ਹਰ ਵਾਰੀ ਮੀਟਿੰਗ ਨੂੰ ਅੱਗੇ ਟਾਲ ਦਿੰਦੇ ਹਨ। ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਜਨਰਲ ਸਕੱਤਰ ਡਾ. ਅਜੈ ਕੁਮਾਰ ਨੇ ਕਿਹਾ ਕਿ ਜੇ ਹੁਣ ਵੀ ਸਰਕਾਰ ਮੀਟਿੰਗ ਤੋਂ ਭੱਜੀ ਅਤੇ ਮੀਟਿੰਗ ਵਿੱਚ ਮੰਗਾਂ ਪ੍ਰਤੀ ਕੋਈ ਸਾਰਥਿਕ ਸਿੱਟਾ ਨਹੀਂ ਕੱਢਿਆ ਤਾਂ ਆਉਂਦੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਰੀਟੋਰੀਅਸ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਜਲਦੀ ਰੈਗੂਲਰ ਕੀਤਾ ਜਾਵੇ। ਪਿਛਲੇ 10 ਸਾਲਾਂ ਵਿੱਚ ਤਨਖ਼ਾਹ ਵਿੱਚ ਮਹਿਜ਼ ਨਿਗੂਣਾ ਵਾਧਾ 2326 ਰੁਪਏ ਕੀਤਾ ਗਿਆ ਹੈ। ਇਸ ਮੌਕੇ ਜਥੇਬੰਦੀ ਦੇ ਵਿੱਤ ਸਕੱਤਰ ਰਾਕੇਸ਼ ਕੁਮਾਰ, ਐਸਪ੍ਰੀਤ ਕੌਰ, ਅਮਨਜੋਤ ਕੌਰ, ਜਸਪ੍ਰੀਤ ਕੌਰ, ਵਿਪਨੀਤ ਕੌਰ, ਰਤਨਜੋਤ ਕੌਰ, ਜਸਵਿੰਦਰ ਸਿੰਘ, ਗਗਨ ਬਾਂਸਲ, ਡਾ. ਬਲਰਾਜ ਸਿੰਘ, ਬੂਟਾ ਸਿੰਘ ਮਾਨ ਹਾਜ਼ਰ ਸਨ।