ਰਾਜ ਭਵਨ ਵੱਲ ਜਾਂਦੇ ਬਿਜਲੀ ਮੁਲਾਜ਼ਮ ਪੁਲੀਸ ਨੇ ਰੋਕੇ
ਕੁਲਦੀਪ ਸਿੰਘ
ਚੰਡੀਗੜ੍ਹ, 31 ਦਸੰਬਰ
ਬਿਜਲੀ ਮੁਲਾਜ਼ਮਾਂ ਅਤੇ ਇੰਜਨੀਅਰਾਂ ਦੀ ਕੌਮੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਦੇਸ਼ ਵਿਆਪੀ ਸੰਘਰਸ਼ ਦੇ ਹਿੱਸੇ ਵਜੋਂ ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮਾਂ ਨੇ ਦੁਪਹਿਰ ਵੇਲੇ ਦਫ਼ਤਰਾਂ ਅੱਗੇ ਰੋਸ ਰੈਲੀਆਂ ਕੀਤੀਆਂ ਅਤੇ ਸ਼ਾਮ ਦੇ ਪ੍ਰਦਰਸ਼ਨਾਂ ਦੀ ਲੜੀ ਵਿੱਚ ਅੱਜ 23ਵੇਂ ਦਿਨ ਸੈਕਟਰ 18 ਬਿਜਲੀ ਦਫਤਰ ਦੇ ਸਾਹਮਣੇ ਰੈਲੀ ਕਰਕੇ ਰਾਜ ਭਵਨ ਵੱਲ ਰੋਸ ਮਾਰਚ ਕੀਤਾ। ਚੰਡੀਗੜ੍ਹ ਪੁਲੀਸ ਨੇ ਬੈਰੀਕੇਡ ਲਾ ਕੇ ਰੋਸ ਮਾਰਚ ਨੂੰ ਰਾਹ ਵਿੱਚ ਹੀ ਰੋਕ ਲਿਆ। ਡਿਊਟੀ ਮੈਜਿਸਟ੍ਰੇਟ ਵਜੋਂ ਪਹੁੰਚੇ ਪ੍ਰਸ਼ਾਸਨ ਦੇ ਪੀਆਰਓ ਰਾਜੀਵ ਤਿਵਾੜੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੁਨਾਫ਼ਾ ਕਮਾਉਣ ਵਾਲੇ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਕੰਪਨੀ ਨੂੰ ਵੇਚਣ ਦੇ ਫੈਸਲੇ ਨੂੰ ਰੱਦ ਕਰਦਿਆਂ ਕੰਪਨੀ ਨੂੰ ਦਿੱਤੀ ਗਈ ਐੱਲਓਆਈ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਸਾਬਕਾ ਪ੍ਰਧਾਨ ਧਿਆਨ ਸਿੰਘ, ਮੀਤ ਪ੍ਰਧਾਨ ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਸਿੱਧੂ , ਵਿਨੇ ਪ੍ਰਸਾਦ, ਕਸ਼ਮੀਰ ਸਿੰਘ, ਪਾਨ ਸਿੰਘ, ਵਰਿੰਦਰ ਸਿੰਘ ਆਦਿ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਤੈਅ ਕੀਤੇ ਬਿਨਾਂ ਅਤੇ ਵਿਕਲਪ ਲਏ ਬਿਨਾਂ ਵਿਭਾਗ ਨੂੰ ਨਿੱਜੀ ਕੰਪਨੀ ਦੇ ਹਵਾਲੇ ਕਰਨ ਜਾ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਮੁਲਾਜ਼ਮਾਂ ਦੇ ਮਸਲਿਆਂ ’ਤੇ ਤੁਰੰਤ ਸਪੱਸ਼ਟ ਫੈਸਲੇ ਲਵੇ।
ਮੁਲਾਜ਼ਮਾਂ ਨੇ ਨਿੱਜੀਕਰਨ ਨੂੰ ਮੁਕੰਮਲ ਤੌਰ ’ਤੇ ਰੱਦ ਕਰਨ ਅਤੇ ਐੱਲਓਆਈ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜਿਸ ਦਿਨ ਤੋਂ ਵਿਭਾਗ ਕੰਪਨੀ ਨੂੰ ਸੌਂਪਿਆ ਜਾਵੇਗਾ, ਉਸ ਦਿਨ ਤੋਂ ਹੀ ਕੰਮ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵਿਜੈਪਾਲ , ਨੌਜਵਾਨ ਕਿਸਾਨ ਏਕਤਾ ਦੇ ਪ੍ਰਧਾਨ ਕਿਰਪਾਲ ਸਿੰਘ , ਅਮਨਦੀਪ ਸਿੰਘ ਮਾਨ , ਸਰਵੇਸ਼ ਯਾਦਵ , ਐਡਵੋਕੇਟ ਸੰਦੀਪ ਰਾਜ ਸਣੇ ਹੋਰ ਵੀ ਕਈ ਜਥੇਬੰਦੀਆਂ ਦੇ ਆਗੂ ਮੌਜੂਦ ਸਨ