ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਖ਼ਿਲਾਫ਼ ਰੋਸ
ਸਰਬਜੀਤ ਸਿੰਘ ਭੱਟੀ
ਲਾਲੜੂ, 31 ਜੁਲਾਈ
ਲਾਲੜੂ ਸ਼ਹਿਰ ਵਿਚ ਨਗਰ ਕੌਂਸਲ ਵੱਲੋਂ ਵਿਛਾਈ ਸੀਵਰੇਜ ਲਾਈਨਾਂ ਵਿਚ ਬਰਸਾਤੀ ਪਾਣੀ ਭਰਨ ਕਾਰਨ ਵਾਰਡ ਨੰਬਰ ਚਾਰ, ਧਰਮਗੜ੍ਹ ਰੋਡ ’ਤੇ ਪਿਛਲੇ ਕਾਫ਼ੀ ਦਿਨਾਂ ਤੋਂ ਸੀਵਰੇਜ ਦੇ ਓਵਰਫਲੋਅ ਹੋਣ ਕਾਰਨ ਆਲੇ-ਦੁਆਲੇ ਦੇ ਘਰਾਂ ਦੇ ਵਸਨੀਕਾਂ, ਰਾਹਗੀਰਾਂ ਤੇ ਸਕੂਲੀ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਅਤੇ ਗੰਦੀ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਲੋਕਾਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਦਫ਼ਤਰ ਵਿੱਚ ਰੋਸ ਪ੍ਰਗਟ ਕੀਤਾ। ਵਾਰਡ ਨਿਵਾਸੀ ਗੁਰਨਾਮ ਸਿੰਘ ਮਹਿਰਾ, ਜਰਨੈਲ ਸਿੰਘ, ਸੁਰਜੀਤ ਸਿੰਘ, ਇੰਦਰਜੀਤ ਸਿੰਘ, ਮੋਹਨ ਸਿੰਘ, ਰਾਜਬੀਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਸ਼ਹਿਰ ਵਿੱਚ ਜੋ ਸੀਵਰੇਜ ਪਾਇਆ ਸੀ, ਉਹ ਅੱਜ ਤੱਕ ਚਾਲੂ ਨਹੀਂ ਹੋ ਸਕਿਆ, ਲੋਕਾਂ ਨੇ ਆਪਣੇ ਘਰਾਂ ਦਾ ਗੰਦਾ ਤੇ ਬਰਸਾਤੀ ਪਾਣੀ ਸੀਵਰੇਜ ਦੀ ਲਾਈਨਾਂ ਵਿੱਚ ਸੁੱਟ ਦਿੱਤਾ। ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦਾ ਸਾਰਾ ਪਾਣੀ ਨੀਵੇਂ ਇਲਾਕਿਆਂ ਵਿੱਚ ਜਾ ਰਿਹਾ ਹੈ । ਉਨ੍ਹਾਂ ਮੰਗ ਕੀਤੀ ਕਿ ਸੀਵਰੇਜ ਦੀ ਲਾਈਨਾਂ ਦੀ ਸਫਾਈ ਤੇ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ, ਜਦੋਂ ਤੱਕ ਸੀਵਰੇਜ ਸਿਸਟਮ ਨਹੀਂ ਚਲਦਾ ਉਦੋਂ ਤੱਕ ਸੀਵਰੇਜ ਦੇ ਮੈਨਹੋਲ ਬੰਦ ਕੀਤੇ ਜਾਣ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਬਖਸੀਸ ਸਿੰਘ ਨੇ ਦੱਸਿਆ ਕਿ ਇੰਜਣਸੈੱਟ ਲਾ ਕੇ ਸੀਵਰੇਜ ਲਾਈਨਾਂ ਗੰਦੇ ਪਾਣੀ ਤੋਂ ਖਾਲੀ ਕਰਵਾ ਕੇ ਸਮੱਸਿਆ ਹੱਲ ਕੀਤੀ ਜਾਵੇਗੀ।