ਦੁਕਾਨਾਂ ਤੋੜਨ ਗਈ ਨਿਗਮ ਟੀਮ ਦਾ ਵਿਰੋਧ
ਐੱਨ.ਪੀ. ਧਵਨ
ਪਠਾਨਕੋਟ, 17 ਦਸੰਬਰ
ਇੱਥੇ ਸਿਵਲ ਹਸਪਤਾਲ ਮੂਹਰੇ ਸਥਿਤ ਘੁੰਮਣ ਮਾਰਕੀਟ ਵਿੱਚ ਬਣਾਈਆਂ ਗਈਆਂ ਦੁਕਾਨਾਂ ਤੋੜਨ ਗਈ ਨਗਰ ਨਿਗਮ ਦੀ ਟੀਮ ਲੋਕਾਂ ਦੇ ਵਿਰੋਧ ਕਾਰਨ ਬੇਰੰਗ ਪਰਤ ਗਈ।
ਬਿਲਡਿੰਗ ਬਰਾਂਚ ਅਧਿਕਾਰੀ ਏਟੀਪੀ ਸੁਖਦੇਵ ਵਸ਼ਿਸ਼ਟ ਦੀ ਮੌਜੂਦਗੀ ਵਿੱਚ ਜਦ ਜੇਸੀਬੀ ਮਸ਼ੀਨ ਦੀ ਮੱਦਦ ਨਾਲ ਨਾਜਾਇਜ਼ ਢੰਗ ਨਾਲ ਬਣਾਈਆਂ ਗਈਆਂ ਦੁਕਾਨਾਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਲੋਕਾਂ ਨੇ ਨਾ ਸਿਰਫ ਅਧਿਕਾਰੀਆਂ ਦਾ ਵਿਰੋਧ ਕੀਤਾ ਬਲਕਿ ਗੱਡੀ ਦੀ ਚਾਬੀ ਤੱਕ ਖੋਹ ਲਈ। ਹਾਲਾਤ ਵਿਗੜਦੇ ਹੋਏ ਦੇਖ ਕੇ ਅਧਿਕਾਰੀਆਂ ਨੇ ਉੱਥੋਂ ਖਿਸਕਣਾ ਹੀ ਠੀਕ ਸਮਝਿਆ ਪਰ ਗੱਲ ਇੱਥੇ ਵੀ ਨਾ ਰੁਕੀ ਉਲਟਾ ਲੋਕਾਂ ਨੇ ਟੈਂਪਰੈਂਸ ਹਾਲ (ਵਿਭਾਗੀ ਦਫਤਰ) ਮੂਹਰੇ ਪੁੱਜ ਕੇ ਵਿਭਾਗ ਦੇ ਅਧਿਕਾਰੀਆਂ ਖਿਲਾਫ ਪ੍ਰਦਰਸ਼ਨ ਵੀ ਕੀਤਾ।
ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਸਾਰਾ ਮਾਮਲਾ ਨਗਰ ਨਿਗਮ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਜੋ ਵੀ ਆਦੇਸ਼ ਮਿਲਣਗੇ, ਉਨ੍ਹਾਂ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਕਿਸੇ ਵੀ ਤਰ੍ਹਾਂ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।