ਕਿਸਾਨਾਂ ਨੂੰ ਬਾਰਡਰਾਂ ’ਤੇ ਰੋਕਣ ਵਾਲੇ ਪੁਲੀਸ ਮੁਲਾਜ਼ਮਾਂ ਦੇ ਸਨਮਾਨ ਦਾ ਵਿਰੋਧ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 20 ਜੁਲਾਈ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਹਰਿਆਣਾ ਸਰਕਾਰ ਵੱਲੋਂ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨ ਕਰਨ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਨਮਾਨ ਦਾ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਜਵਾਨਾਂ ਦਾ ਸਨਮਾਨ ਕਰੇੇ ਜੋ ਹਰ ਰੋਜ਼ ਸਰਹੱਦ ’ਤੇ ਸ਼ਹੀਦ ਹੋ ਰਹੇ ਹਨ। ਢਾਬੀ ਗੁੱਜਰਾਂ ਬਾਰਡਰ ’ਤੇ ਭਾਰਤੀ ਕਿਸਾਨ ਏਕਤਾ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ, ਅੰਗਰੇਜ਼ ਸਿੰਘ ਕੋਟਲੀ, ਤਲਵਿੰਦਰ ਸਿੰਘ ਸੋਖੀ ਤੇ ਜਗਦੀਸ਼ ਸਵਾਮੀ ਨੇ ਕਿਹਾ ਕਿ ਢਾਬੀ ਗੁੱਜਰਾਂ ਹੱਦ ’ਤੇ ਸੰਘਰਸ਼ ਕਰਦੇ ਕਿਸਾਨਾਂ ’ਤੇ ਗੋਲੀਆਂ ਚਲਾਉਣ, ਜ਼ਹਿਰੀਲੀ ਗੈਸ ਛੱਡਣ ਕਾਰਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ। ਇਸ ਤੋਂ ਕਈ ਜ਼ਹਿਰੀਲੀ ਗੈਸ ਕਾਰਨ ਕਈ ਕਿਸਾਨਾਂ ਦੀਆਂ ਅੱਖਾਂ ਦੀ ਨਿਗ੍ਹਾ ਚੱਲੀ ਗਈ, ਪਰ ਸਰਕਾਰ ਨੇ ਇਨ੍ਹਾਂ ਵੱਲ ਕੋਈ ਗੌਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਨਿਹੱਥੇ ਕਿਸਾਨਾਂ ’ਤੇ ਹਮਲਾ ਕਰਕੇ ਬੇਰਹਿਮੀ ਦਾ ਸਬੂਤ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬਾਰਡਰ ਖੁੱਲ੍ਹਦੇ ਹੀ ਕਿਸਾਨ ਦਿੱਲੀ ਵੱਲ ਵਧਣਗੇ। ਇਸ ਦੇ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ’ਤੇ ਹੋਏ ਤਸ਼ੱਦਦ ਦੀ ਹਰ ਇੱਕ ਵੀਡੀਓ ਹਰਿਆਣੇ ਦੇ 90 ਹਲਕਿਆਂ ਵਿੱਚ ਲਿਜਾਈ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਦੇ ਜ਼ੁਲਮਾਂ ਦੀ ਦਾਸਤਾਨ ਲੋਕਾਂ ਨੂੰ ਦੱਸੀ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ੈਸਲਾ ਲੋਕਾਂ ਨੇ ਕਰਨਾ ਹੈ ਕਿ ਉਹ ਕਿਸਾਨਾਂ ਦਾ ਸਾਥ ਦੇਣਗੇ ਜਾਂ ਕਿਸਾਨ ਵਿਰੋਧੀ ਸਰਕਾਰ ਨੂੰ ਵੋਟਾਂ ਵਿੱਚ ਜਵਾਬ ਦੇਣਗੇ।
ਘੱਗਰ ਵਿੱਚ ਬਣਾਇਆ ਆਰਜ਼ੀ ਲਾਂਘਾ ਰੁੜ੍ਹਿਆ
ਪਟਿਆਲਾ (ਪੱਤਰ ਪ੍ਰੇਰਕ): ਸ਼ੰਭੂ ਬਾਰਡਰ ਨੇੜੇ ਘੱਗਰ ਵਿੱਚ ਆਵਾਜਾਈ ਲਈ ਬਣਾਇਆ ਆਰਜ਼ੀ ਲਾਂਘਾ ਮੀਂਹ ਦੇ ਪਾਣੀ ਵਿੱਚ ਰੁੜ੍ਹਨ ਕਾਰਨ ਸਥਾਨਕ ਪਿੰਡਾਂ ਦੇ ਲੋਕਾਂ ਨੂੰ ਘੱਗਰ ’ਚੋਂ ਲੰਘਣਾ ਔਖਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸ਼ੰਭੂ ਬਾਰਡਰ ’ਤੇ ਧਰਨੇ ਕਾਰਨ ਸਥਾਨਕ ਪਿੰਡਾਂ ਦੇ ਲੋਕ ਅੰਬਾਲਾ ਜਾਣ ਲਈ ਇਸ ਲਾਂਘੇ ਦੀ ਵਰਤੋਂ ਕਰਦੇ ਸਨ, ਜੋ ਘੱਗਰ ਦੇ ਪਾਣੀ ਵਿੱਚ ਰੁੜ੍ਹ ਗਿਆ ਹੈ। ਕਿਸਾਨਾਂ ਵੱਲੋਂ ਲਗਾਏ ਧਰਨੇ ਕਾਰਨ 5 ਮਹੀਨੇ ਤੋਂ ਉਪਰ ਸਮਾਂ ਹੋ ਗਿਆ ਹੈ ਪਰ ਮਾਨਯੋਗ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਸ਼ੰਭੂ ਬਾਰਡਰ ਖੋਲ੍ਹਣ ਦੀ ਕੋਈ ਉਮੀਦ ਨਹੀਂ ਹੈ ਜਿਸ ਕਰਕੇ ਸ਼ੰਭੂ ਇਲਾਕੇ ਦੇ 25-30 ਪਿੰਡਾਂ ਦੇ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਘੱਗਰ ਵਿਚ ਪਾਣੀ ਆਉਣ ਕਰਕੇ ਲੋਕਾਂ ਵੱਲੋਂ ਘੱਗਰ ਵਿਚ ਬਣਾਏ ਆਰਜ਼ੀ ਪੁਲ ਪਾਣੀ ਵਿਚ ਹੜ੍ਹ ਗਏ ਹਨ ਜਿਸ ਕਰਕੇ ਲੋਕਾਂ ਨੂੰ ਹੁਣ ਘੱਗਰ ਵਿਚੋਂ ਲੰਘਣਾ ਮੁਸ਼ਕਲ ਹੋ ਗਿਆ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਲੋਕ ਬਹੁਤ ਜ਼ਰੂਰੀ ਕੰਮ ਲਈ ਹੀ ਲੋਹ ਸਿੰਬਲੀ ਵਾਲੇ ਰਾਹੀਂ 2-3 ਘੰਟਿਆਂ ਦਾ ਸਫਰ ਤੈਅ ਕਰਕੇ ਅੰਬਾਲਾ ਜਾਂਦੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਰਾਹ ਹਰਿਆਣਾ ਸਰਕਾਰ ਨੇ ਰੋਕਿਆ ਹੈ ਉਹ ਤਾਂ ਰਸਤਾ ਖੁੱਲ੍ਹਣ ਦੀ ਉਡੀਕ ਕਰ ਰਹੇ ਹਾਂ ਜਦੋਂ ਹੀ ਰਸਤਾ ਖੁੱਲ੍ਹਿਆ ਉਹ ਦਿੱਲੀ ਵੱਲ ਚਾਲੇ ਪਾ ਦੇਣਗੇ।