ਕੰਪਿਊਟਰ ਅਧਿਆਪਕਾਂ ਵੱਲੋਂ ਮੰਗਾਂ ਦੇ ਹੱਕ ’ਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼
ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ, 1 ਫਰਵਰੀ
ਕੰਪਿਊਟਰ ਅਧਿਆਪਕਾਂ ਵੱਲੋਂ ਹੱਕੀ ਮੰਗਾਂ ਨਾ ਮੰਨੇ ਜਾਣ ’ਤੇ ਬਲਾਕ ਸਿੱਖਿਆ ਅਫਸਰ ਦੇ ਦਫਤਰ ਅੱਗੇ ਪ੍ਰਦਰਸ਼ਨ ਕਰਦਿਆਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸੱਤ ਪ੍ਰਤਾਪ ਸਿੰਘ ਭੀਖੀ ਕਿਹਾ ਕਿ ਅੱਜ ਦਾ ਪ੍ਰਦਰਸ਼ਨ ਸਰਕਾਰ ਦੀ ਟਾਲ-ਮਟੋਲ ਨੀਤੀ ਖ਼ਿਲਾਫ਼ ਕੀਤਾ ਗਿਆ ਹੈ ਜਿਸ ਤਹਿਤ ਉਨ੍ਹਾਂ ਦੇ ਉਨ੍ਹਾਂ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਕਿਸੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ। ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਫਿਰ ਮੁਲਤਵੀ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਪੰਜਾਬ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੇ ਫੇਸਬੁੱਕ ਪੇਜ ’ਤੇ ਪੋਸਟ ਪਾਕੇ ਐਲਾਨ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ 2022 ਨੂੰ ਤੋਹਫੇ ਦੇ ਰੂਪ ਵਿੱਚ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣਗੇ ਤੇ ਇਸ ਪੋਸਟ ਨੂੰ ਪੰਜਾਬ ਸਰਕਾਰ ਦੇ ਅਧਿਕਾਰਿਤ ਫੇਸਬੁੱਕ ਪੇਜ ’ਤੇ ਵੀ ਸ਼ੇਅਰ ਕੀਤਾ ਗਿਆ ਸੀ ਪਰ ਦੋ ਦੀਵਾਲੀਆਂ ਲੰਘ ਜਾਣ ਦੇ ਬਾਵਜੂਦ ਐਲਾਨ ਸਿਰਫ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ। ਇਸ ਮੌਕੇ ਜਗਤਾਰ ਸਿੰਘ, ਲਖਵੀਰ ਸਿੰਘ, ਮਲਕੀਤ ਸਿੰਘ, ਸ਼ਸੀ ਕਾਠ, ਨਿਤੇਸ਼ ਕੁਮਾਰ, ਰਣਜੀਤ ਕੁਮਾਰ ਰੰਘੜਿਆਲ, ਸੁਨੀਲ ਕੁਮਾਰ, ਚੰਦ ਭਾਨ, ਕੁਲਵਿੰਦਰ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।