ਕੇਂਦਰ ਖ਼ਿਲਾਫ ਰੋਸ; ਕਿਸਾਨਾਂ ਨੇ ਦੋ ਘੰਟੇ ਲਈ ਰੇਲ ਗੱਡੀਆਂ ਰੋਕੀਆਂ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 3 ਅਕਤੂਬਰ
ਇਥੋਂ ਨਜ਼ਦੀਕੀ ਦੇਵੀਦਾਸਪੁਰਾ ਰੇਲ ਟਰੈਕ ਉੱਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਦੇ ਹੱਲ ਕਰਨ ਲਈ ਦੋ ਘੰਟੇ ਰੇਲ ਚੱਕਾ ਜਾਮ ਕੀਤਾ ਗਿਆ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਕੋਆਡੀਨੇਟਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਬੀਤੇ 2020-21 ਦੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਅੱਜ ਦੇ ਹੀ ਦਿਨ ਭਾਜਪਾ ਆਗੂ ਅਤੇ ਉਸ ਵੇਲੇ ਦੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਕੇ ਪੈਦਲ ਜਾ ਰਹੇ ਕਿਸਾਨਾਂ ਉੱਪਰ ਤੇਜ਼ ਰਫਤਾਰ ਗੱਡੀਆਂ ਚਾੜ੍ਹ ਕੇ, 4 ਕਿਸਾਨਾਂ ਅਤੇ 1 ਪੱਤਰਕਾਰ ਸਾਥੀ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਦੇ ਤਿੰਨ ਸਾਲ ਬੀਤ ਜਾਣ ਅਤੇ ਦੋਸ਼ੀਆਂ ’ਤੇ ਦੋਸ਼ ਤੈਅ ਹੋਣ ਦੇ ਬਾਵਜੂਦ ਵੀ ਦੋਸ਼ੀ ਖੁੱਲ੍ਹੇ ਘੁੰਮ ਰਹੇ ਹਨ। ਉਨ੍ਹਾਂ ਕਿਹਾ ਦੇਸ਼ ਦੇ 5 ਸੂਬਿਆਂ ਰਾਜਸਥਾਨ ਵਿੱਚ ਗੰਗਾਨਗਰ, ਮੱਧ ਪ੍ਰਦੇਸ਼ ਵਿੱਚ ਝਾਬੂਆ, ਹਰਿਆਣਾ ਵਿੱਚ ਅੰਬਾਲਾ, ਤਾਮਿਲਨਾਡੂ ਵਿੱਚ ਕੋਇੰਬਟੂਰ ਅਤੇ ਪੰਜਾਬ ਵਿੱਚ 22 ਜਿਲ੍ਹਿਆਂ ਵਿੱਚ ਸਫਲ ਰੇਲ ਰੋਕੋ ਧਰਨਾ ਦੇ ਕੇ ਲਖੀਮਪੁਰ ਦੇ ਕਾਤਲਾਂ ਨੂੰ ਜੇਲ੍ਹ ਵਿੱਚ ਸੁੱਟਣ ਦੀ ਮੰਗ ਕੀਤੀ ਗਈ। ਇਸ ਮੌਕੇ ਵੱਖ ਵੱਖ ਸੂਬਿਆਂ ਵਿੱਚ ਜਗਜੀਤ ਸਿੰਘ ਡੱਲੇਵਾਲ ਪੰਜਾਬ, ਰਣਜੀਤ ਸਿੰਘ ਰਾਜੂ, ਅਮਰਜੀਤ ਸਿੰਘ ਮੋਹੜੀ, ਪਰਮਜੀਤ ਮੱਧ ਪ੍ਰਦੇਸ਼, ਆਨੰਦ ਤਾਮਿਲਨਾਡੂ, ਜਸਵਿੰਦਰ ਲੌਂਗੋਵਾਲ, ਸੁਰਜੀਤ ਸਿੰਘ ਫੂਲ, ਰਣਜੀਤ ਸਿੰਘ ਕਲੇਰ, ਗੁਰਬਚਨ ਸਿੰਘ ਚੱਬਾ, ਸਕੱਤਰ ਸਿੰਘ ਕੋਟਲਾ, ਬਲਦੇਵ ਸਿੰਘ ਬੱਗਾ, ਲਖਵਿੰਦਰ ਸਿੰਘ ਡਾਲਾ, ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ, ਕੁਲਜੀਤ ਸਿੰਘ ਕਾਲੇ, ਬਲਵਿੰਦਰ ਸਿੰਘ ਬਿੰਦੂ ਅਤੇ ਗੁਰਦੇਵ ਸਿੰਘ ਗੱਗੋਮਾਹਲ, ਮੰਗਜੀਤ ਸਿੱਧਵਾਂ, ਸਵਿੰਦਰ ਸਿੰਘ ਰੂਪੋਵਾਲੀ ਸਮੇਤ ਵੱਡੀ ਗਿਣਤੀ ਕਿਸਾਨ ਮਜ਼ਦੂਰ ਤੇ ਔਰਤਾਂ ਸ਼ਾਮਲ ਹੋਏ।