ਕਿਰਤੀ ਕਿਸਾਨ ਯੂਨੀਅਨ ਵੱਲੋਂ ਸਿੱਖ ਕਤਲੇਆਮ ਖ਼ਿਲਾਫ਼ ਮੁਜ਼ਾਹਰਾ
ਜਸਵੰਤ ਜੱਸ
ਫਰੀਦਕੋਟ, 3 ਨਵੰਬਰ
ਕਿਰਤੀ ਕਿਸਾਨ ਯੂਨੀਅਨ ਵੱਲੋਂ 1984 ਦੇ ਸਿੱਖ ਕਤਲੇਆਮ ਖਿਲਾਫ਼ ਅੱਜ ਸਾਦਿਕ ’ਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਕਿੰਗਰਾ, ਬਲਾਕ ਪ੍ਰਧਾਨ ਗੁਰਮੀਤ ਸੰਗਰਾਹੂਰ, ਨਿਸ਼ਾਨ ਭੁੱਲਰ, ਥਾਣਾ ਸਿੰਘ ਪਿੰਡੀ ਬਲੋਚਾ, ਜਗੀਰ ਸਿੰਘ ਗੁਰਦਾਸਪੁਰੀਆ ਆਦਿ ਆਗੂਆਂ ਕਿਹਾ ਕਿ ਸਿੱਖ ਨਸਲਕੁਸ਼ੀ ਦੇ 40 ਸਾਲ ਬੀਤ ਜਾਣ ਬਾਅਦ ਵੀ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ ਤੇ ਨਾ ਹੀ ਭਾਰਤੀ ਹਾਕਮਾਂ ਨੇ ਘੱਟ ਗਿਣਤੀਆਂ ਪ੍ਰਤੀ ਆਪਣੀ ਸਮਝ ’ਚ ਕੋਈ ਤਬਦੀਲੀ ਕੀਤੀ ਹੈ। ਕਿਸਾਨ ਆਗੂਆਂ ਕਿਹਾ ਨੇ 1984 ’ਚ ਜਿਸ ਤਰ੍ਹਾਂ ਮੁਲਕ ਭਰ ਵਿੱਚ ਸਿੱਖਾਂ ਕਤਲੇਆਮ, ਧੀਆਂ ਭੈਣਾਂ ਦੀ ਬੇਪੱਤੀ ਸਮੇਤ ਕਰੋੜਾਂ ਅਰਬਾਂ ਦੀ ਜਾਇਦਾਦ ਯੋਜਨਾਬੱਧ ਤਰੀਕੇ ਨਾਲ ਤਬਾਹ ਕੀਤੀ ਗਈ ਪਰ ਅਜੇ ਤੱਕ ਬਹੁਤ ਸਾਰੇ ਮੁਲਜ਼ਮ ਖੁੱਲ੍ਹੇਆਮ ਘੁੰਮ ਰਹੇ ਹਨ ਤੇ ਪੀੜਤ ਇਨਸਾਫ਼ ਉਡੀਕ ਰਹੇ ਹਨ। ਸਿੱਖਾਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਿੰਦੂ ਪਰਿਵਾਰਾਂ ਨੂੰ ਵੀ ਪੁਲੀਸ ਤੇ ਕਾਤਲ ਟੋਲਿਆਂ ਨੇ ’84 ’ਚ ਨਿਸ਼ਾਨਾ ਬਣਾਇਆ ਸੀ ਜੋ ਸਾਬਤ ਕਰਦਾ ਕੇ ਹਾਕਮ ਕਿਸੇ ਫਿਰਕੇ ਦੇ ਨਹੀਂ ਸਗੋਂ ਆਪਣੇ ਸਿਆਸੀ ਹਿੱਤ ਹੀ ਦੇਖਦੇ ਹਨ।ਉਨ੍ਹਾਂ ਕਿਹਾ ਕਿ ਇਸ ਸਿੱਖ ਨਸਲਕੁਸ਼ੀ ਦੀ ਮੁਹਿੰਮ ਵਿੱਚ ਸਥਿੱਤ ਤੌਰ ’ਤੇ ਕਾਂਗਰਸ ਸਮੇਤ ਆਰਐੱਸਐੱਸ ਦੇ ਕਰਿੰਦੇ ਵੀ ਵੱਡੀ ਗਿਣਤੀ ‘ਚ ਸ਼ਾਮਲ ਹੋਏ ਜਿਨ੍ਹਾਂ ’ਤੇ ਹੋਏ ਪਰਚੇ ਭਾਜਪਾ ਨੇ ਸੱਤਾ ’ਚ ਆਉਂਦਿਆਂ ਸਹਿਜੇ ਸਹਿਜੇ ਖ਼ਤਮ ਕਰ ਦਿੱਤੇ ਹਨ। ਆਗੂਆਂ ਨੇ ਕਿਹਾ ਕਿ ਯੂਨੀਫਾਰਮ ਸਿਵਲ ਕੋਡ ਹਰ ਵੱਖਰੇ ਸੱਭਿਆਚਾਰ, ਵੱਖਰੀ ਪਛਾਣ, ਵੱਖਰੇ ਰੀਤੀ ਰਿਵਾਜ ਨੂੰ ਮਸਲ ਕੇ ਇਕ ਹਿੰਦੂਤਵੀ ਮੁਲਕ ਬਣਾਉਣ ਦੀ ਕੋਸ਼ਿਸ਼ ਹੈ।