ਰੋਪਵੇਅ ਪ੍ਰਾਜੈਕਟ ਖ਼ਿਲਾਫ਼ ਕੱਟੜਾ ਸੱਤਵੇਂ ਦਿਨ ਵੀ ਬੰਦ
ਰਿਆਸੀ/ਜੰਮੂ, 31 ਦਸੰਬਰ
ਜੰਮੂ ਕਸ਼ਮੀਰ ਦੀਆਂ ਤ੍ਰਿਕੁਟਾ ਪਹਾੜੀਆਂ ’ਚ ਤਜਵੀਜ਼ਤ ਰੋਪਵੇਅ ਪ੍ਰਾਜੈਕਟ ਖ਼ਿਲਾਫ਼ ਪ੍ਰਦਰਸ਼ਨ ਕਾਰਨ ਵੈਸ਼ਨੋ ਦੇਵੀ ਤੀਰਥਯਾਤਰਾ ਦਾ ਅਧਾਰ ਕੈਂਪ ਕੱਟੜਾ ਅੱਜ ਲਗਾਤਾਰ ਸੱਤਵੇਂ ਦਿਨ ਬੰਦ ਰਿਹਾ। ਇਸ ਪ੍ਰਦਰਸ਼ਨ ਦੌਰਾਨ ਹਿਰਾਸਤ ਵਿੱਚ ਲਏ ਲੋਕਾਂ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਨੌਜਵਾਨਾਂ ਦੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੈਡੀਕਲ ਜਾਂਚ ਕੀਤੀ ਗਈ। ਇਸ ਦੌਰਾਨ ਇੱਕ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਸ੍ਰੀ ਮਾਤਾ ਵੈਸ਼ਨੋ ਦੇਵੀ ਸੰਘਰਸ਼ ਸਮਿਤੀ ਨੇ ਪਿਛਲੇ ਬੁੱਧਵਾਰ ਨੂੰ ਬੰਦ ਦਾ ਸੱਦਾ ਦਿੰਦਿਆਂ ਐਲਾਨ ਕੀਤਾ ਸੀ ਕਿ ਕੱਟੜਾ ਵਿੱਚ ਸਾਰੀਆਂ ਗਤੀਵਿਧੀਆਂ ਮੁਲਤਵੀ ਰਹਿਣਗੀਆਂ। ਇਸ ਸੱਦੇ ਮਗਰੋਂ ਕੱਟੜਾ ਵਿੱਚ ਲਗਾਤਾਰ ਅੱਜ ਸੱਤਵੇਂ ਦਿਨ ਸਾਰੀਆਂ ਦੁਕਾਨਾਂ, ਰੈਸਤਰਾਂ ਤੇ ਵਪਾਰਕ ਅਦਾਰੇ ਬੰਦ ਰਹੇ ਤੇ ਪਵਿੱਤਰ ਸ਼ਹਿਰ ਵਿੱਚ ਸੜਕਾਂ ’ਤੇ ਆਵਾਜਾਈ ਠੱਪ ਰਹੀ। ਬੁੱਧਵਾਰ ਨੂੰ ਸ਼ੁਰੂ ਹੋਏ ਬੰਦ ਕਾਰਨ ਕੱਟੜਾ ਵਿੱਚ ਜਨ-ਜੀਵਨ ਪ੍ਰਭਾਵਿਤ ਹੈ। ਇੱਥੇ ਵੈਸ਼ਨੋ ਦੇਵੀ ਗੁਫ਼ਾ ਮੰਦਰ ਦੇ ਦਰਸ਼ਨਾਂ ਲਈ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਆਉਣ ਕਾਰਨ ਸ਼ਹਿਰ ਵਿੱਚ ਭੀੜ ਵਧ ਰਹੀ ਹੈ।
ਸ੍ਰੀ ਮਾਤਾ ਵੈਸ਼ਨੋ ਦੇਵੀ ਸੰਘਰਸ਼ ਸਮਿਤੀ ਦੇ ਆਗੂ ਭੁਪਿੰਦਰ ਸਿੰਘ ਅਤੇ ਸੋਹਣ ਚੰਦ ਸਮੇਤ 18 ਮੈਂਬਰਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਠ ਨੌਜਵਾਲ ਭੁੱਖ ਹੜਤਾਲ ’ਤੇ ਬੈਠੇ ਹਨ ਜਿਨ੍ਹਾਂ ਨੂੰ ਕੱਟੜਾ ਵਿੱਚ ਰੋਪਵੇਅ ਪ੍ਰਾਜੈਕਟ ਖ਼ਿਲਾਫ਼ ਮਾਰਚ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ। ਭੁੱਖ ਹੜਤਾਲ ’ਤੇ ਬੈਠੇ ਇੱਕ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਨੇ ਪਿਛਲੇ ਮਹੀਨੇ ਉਨ੍ਹਾਂ ਬਜ਼ੁਰਗਾਂ, ਬੱਚਿਆਂ ਤੇ ਹੋਰ ਲੋਕਾਂ ਨੂੰ ਮੰਦਰ ਤੱਕ ਜਾਣ ਦੀ ਸਹੂਲਤ ਦੇਣ ਵਾਸਤੇ ਰੋਪਵੇਅ ਦੀ ਯੋਜਨਾ ਦਾ ਐਲਾਨ ਕੀਤਾ ਸੀ ਜਿਨ੍ਹਾਂ ਨੂੰ ਗੁਫਾ ਦੇ 13 ਕਿਲੋਮੀਟਰ ਰਸਤੇ ਨੂੰ ਪਾਰ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਲਗਪਗ 250 ਕਰੋੜ ਰੁਪਏ ਦਾ ਤਜਵੀਜ਼ਤ ਰੋਪਵੇਅ ਪ੍ਰਾਜੈਕਟ ਤਾਰਾਕੋਟ ਮਾਰਗ ਨੂੰ ਰਿਆਸੀ ਜ਼ਿਲ੍ਹੇ ਵਿੱਚ ਗੁਫਾ ਮੰਦਰ ਵੱਲ ਜਾਣ ਵਾਲੇ ਸਾਂਝੀ ਛੱਤ ਮਾਰਗ ਨਾਲ ਜੋੜੇਗਾ। -ਪੀਟੀਆਈ