ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਮੁਜ਼ਾਹਰਾ
ਕੁਲਦੀਪ ਸਿੰਘ
ਚੰਡੀਗੜ੍ਹ, 28 ਦਸੰਬਰ
ਪਿਛਲੇ ਕਈ ਸਾਲਾਂ ਤੋਂ ਮੁਨਾਫ਼ੇ ਵਿੱਚ ਚੱਲ ਰਹੇ ਚੰਡੀਗੜ੍ਹ ਦੇ ਬਿਜਲੀ ਵਿਭਾਗ ਨੂੰ ਨਿੱਜੀ ਕੰਪਨੀ ਨੂੰ ਵੇਚਣ ਦੇ ਰੋਸ ਵਜੋਂ ਸ਼ਹਿਰ ਵਾਸੀਆਂ ਨੇ ਅੱਜ 20ਵੇਂ ਦਿਨ ਕੜਾਕੇ ਦੀ ਠੰਢ ਅਤੇ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸੈਕਟਰ-37 ਵਿੱਚ ਰੋਸ ਮੁਜ਼ਾਹਰਾ ਕੀਤਾ। ਨੌਜਵਾਨ ਕਿਸਾਨ ਏਕਤਾ ਦੇ ਆਗੂ ਕਿਰਪਾਲ ਸਿੰਘ, ਦਲੇਰ ਸਿੰਘ ਰਜਿੰਦਰ ਸਿੰਘ ਅਤੇ ਕਿਸਾਨ ਯੂਨੀਅਨ (ਟਿਕੈਤ) ਦੇ ਆਗੂ ਸਰਵੇਸ਼ ਯਾਦਵ ਦੀ ਅਗਵਾਈ ਹੇਠ ਕੀਤਾ। ਇਹ ਰੋਸ ਮੁਜ਼ਾਹਰਾ ਸੈਕਟਰ-37ਸੀ ਦੇ ਦਸ਼ਮੇਸ਼ ਟੈਕਸੀ ਸਟੈਂਡ ਤੋਂ ਸ਼ੁਰੂ ਹੋ ਕੇ ਮੇਨ ਮਾਰਕੀਟ ਵਿੱਚ ਦੀ ਹੁੰਦਾ ਹੋਇਆ ਸੈਕਟਰ 37-ਡੀ ਦੀ ਮਾਰਕੀਟ, ਈਡਬਲਿਊਐੱਸ ਕਲੋਨੀ ਵਿੱਚ ਦੀ ਹੁੰਦਾ ਹੋਇਆ ਮੁੜ ਸੈਕਟਰ 37ਸੀ ਦੀ ਮਾਰਕੀਟ ਵਿੱਚ ਆ ਕੇ ਸਮਾਪਤ ਹੋਇਆ। ਇਸ ਮੌਕੇ ਨੌਜਵਾਨ ਕਿਸਾਨ ਏਕਤਾ ਦੇ ਆਗੂ ਕਿਰਪਾਲ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਬਿਜਲੀ ਪ੍ਰਾਈਵੇਟ ਹੋਣ ਨਾਲ ਕੇਵਲ ਬਿਜਲੀ ਦੀਆਂ ਦਰਾਂ ਹੀ ਨਹੀਂ ਵਧਣਗੀਆਂ ਸਗੋਂ ਚੰਡੀਗੜ੍ਹ ਦੇ ਲੋਕਾਂ ਨੂੰ ਚਹੁੰਤਰਫੀ ਮਹਿੰਗਾਈ ਦੀ ਮਾਰ ਪਵੇਗੀ। ਪੇਂਡੂ ਸੰਘਰਸ਼ ਕਮੇਟੀ ਅਤੇ ਤਰਕਸ਼ੀਲ ਸੁਸਾਇਟੀ ਚੰਡੀਗੜ੍ਹ ਦੇ ਆਗੂ ਜੋਗਾ ਸਿੰਘ ਨੇ ਕਿਹਾ ਕਿ ਸਰਕਾਰ ਅੱਜ ਆਪਣੇ ਫਰਜ਼ਾਂ ਤੋਂ ਭੱਜ ਰਹੀ ਹੈ ਜਿਸ ਨੂੰ ਚੰਡੀਗੜ੍ਹ ਦੇ ਵਾਸੀ ਬਰਦਾਸ਼ਤ ਨਹੀਂ ਕਰਨਗੇ ਅਤੇ ਸਰਕਾਰ ਦੇ ਇਸ ਫੈਸਲੇ ਦਾ ਡੱਟ ਕੇ ਵਿਰੋਧ ਕਰਨਗੇ।
ਜਨਵਾਦੀ ਮਹਿਲਾ ਸਮਿਤੀ ਦੀ ਆਗੂ ਆਸ਼ਾ ਰਾਣਾ ਨੇ ਕਿਹਾ ਕਿ ਉਹ ਨਿਜੀਕਰਨ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਕਲੋਨੀਆਂ ਤੇ ਮੁਹੱਲਿਆਂ ਵਿੱਚ ਜਾਣਗੇ ਅਤੇ ਲੋਕਾਂ ਨੂੰ ਇਸ ਖਿਲਾਫ਼ ਲਾਮਬੰਦ ਕਰਨਗੇ।
ਇਸ ਮੌਕੇ ਨੌਜਵਾਨ ਕਿਸਾਨ ਏਕਤਾ ਦੇ ਆਗੂ ਰਜਿੰਦਰ ਸਿੰਘ, ਅਰਦਾਸ ਫਾਊਂਡੇਸ਼ਨ ਤੋਂ ਗੁਰਦੀਪ ਸਿੰਘ ਸੈਣੀ, ਸੀਆਈਟੀਯੂ ਚੰਡੀਗੜ੍ਹ ਤੋਂ ਦਿਨੇਸ਼ ਕੁਮਾਰ, ਸ਼ਹਿਨਾਜ਼ ਮੁਹੰਮਦ ਗੋਰਸ਼ੀ, ਰਾਮ ਆਧਾਰ, ਭਾਰਤੀ ਕਿਸਾਨ ਯੂਨੀਅਨ ਤੋਂ ਐਡਵੋਕੇਟ ਸੰਦੀਪ ਰਾਜ ਨੇ ਸ਼ਮੂਲੀਅਤ ਕੀਤੀ।