ਖੇਤਾਂ ’ਚ ਪਾਈਪ ਲਾਈਨ ਪਾਉਣ ਖ਼ਿਲਾਫ਼ ਰੋਸ ਮੁਜ਼ਾਹਰਾ
ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 25 ਜੁਲਾਈ
ਬਲਾਕ ਦੇ ਪਿੰਡਾਂ ਦੇ ਖੇਤਾਂ ਵਿੱਚ ਪਾਈਪ ਲਾਈਨ ਪਾਉਣ ਦੇ ਮਸਲੇ ਨੂੰ ਲੈ ਕੇ ਲਗਭਗ 1 ਮਹੀਨੇ ਤੋਂ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਪਿਛਲੇ ਦਨਿਾਂ ਦੇ ਵਿੱਚ ਕਿਸਾਨਾਂ ਦੀ ਮੰਗ ਦੇ ਉੱਤੇ ਪੰਜਾਬ ਦੀਆਂ ਤਿੰਨ ਜਨਤਕ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੇ ਜਮਹੂਰੀ ਕਿਸਾਨ ਸਭਾ ਵੱਲੋਂ ਮੋਰਚਾ ਸੰਭਾਲ ਲਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਪਿੰਡਾਂ ਵਿੱਚ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਪਿੰਡ ਗਹਿਰੀ ਬੁੱਟਰ ਵਿੱਚ ਰੈਲੀ ਕਰਨ ਤੋਂ ਬਾਅਦ ਧਰਨੇ ਵਾਲੇ ਜਗ੍ਹਾ ਤੇ ਮੁਜ਼ਾਹਰਾ ਸਮਾਪਤ ਕੀਤਾ ਗਿਆ।
ਇਸ ਸਬੰਧੀ ਅਜੇਪਾਲ ਸਿੰਘ ਨੇ ਦੱਸਿਆ ਕਿ ਗਹਿਰੀ ਬੁੱਟਰ ਦੀ ਸੱਥ ਵਿੱਚ ਬੀਕੇਯੂ ਉਗਰਾਹਾਂ ਦੇ ਪ੍ਰਧਾਨ ਬਲਾਕ ਕੁਲਵੰਤ ਰਾਏ ਸ਼ਰਮਾ ਤੇ ਰਾਮ ਸਿੰਘ ਕੋਟਗੁਰੂ ਨੇ ਕਿਹਾ ਕਿ ਗੇਲ ਇੰਡੀਆ ਕੰਪਨੀ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਧੱਕੇ ਨਾਲ ਪਾਈਪ ਪਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ ਪਰ ਇਹ ਪਾਈਪ ਕਿਸੇ ਵੀ ਕੀਮਤ ਉੱਤੇ ਨਹੀਂ ਪੈਣ ਦਿੱਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ 1 ਮਹੀਨੇ ਦੇ ਸੰਘਰਸ਼ ਦੌਰਾਨ ਕਿਸਾਨ ਨਾਲ ਕੰਪਨੀ ਤੇ ਸਿਵਲ ਅਧਿਕਾਰੀਆਂ ਨੇ 8 ਮੀਟਿੰਗਾਂ ਕੀਤੀਆਂ ਹਨ, ਪਰ ਕਿਸਾਨਾਂ ਨੂੰ ਸਿਵਾਏ ਲਾਰਿਆਂ ਤੋਂ ਬਨਿਾਂ ਕੁਝ ਨਸੀਬ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਮਸ਼ੀਨਾਂ ਨੂੰ ਬਾਹਰ ਕਰਕੇ ਫਸਲਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਸੰਘਰਸ਼ ਵਿੱਚ ਦਖਲ਼ਅੰਦਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ।
ਆਗੂਆਂ ਨੇ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਪ੍ਰਤੀ ਕਿੱਲਾ 1 ਕਰੋੜ ਰੁਪਏ ਮੁਆਵਜ਼ਾ, ਪਰਿਵਾਰ ਦੇ ਹਰ ਜੀਅ ਨੂੰ ਨੌਕਰੀ, ਤਿੰਨ ਸਾਲਾਂ ਦੀ ਫ਼ਸਲ ਦਾ ਪੂਰਾ ਮੁਆਵਜ਼ਾ ਤੇ ਹਰ ਪੀੜਤ ਪਰਿਵਾਰ ਦਾ ਬੀਮਾ ਕੀਤਾ ਜਾਵੇ। ਇਸ ਮੌਕੇ ਮੰਦਰ ਸਿੰਘ ਗਹਿਰੀ ਬੁੱਟਰ ਪ੍ਰਧਾਨ ਪਿੰਡ ਇਕਾਈ ਬੀਕੇਯੂ ਡਕੌਂਦਾ,ਧਰਮਪਾਲ ਸਿੰਘ ਜੰਡੀਆ, ਮੇਜਰ ਸਿੰਘ ਸੁਖਲੱਦੀ, ਲਖਵਿੰਦਰ ਸਿੰਘ ਰੱਘੂਬੰਗੀ, ਜਸਪ੍ਰੀਤ ਸਿੰਘ ਨਰੂਆਣਾ, ਜਗਦੀਸ਼ ਦੁਨੇਵਾਲਾ ਤੇ ਗੁਰਚਰਨ ਸਿੰਘ ਭਗਵਾਨਗੜ੍ਹ ਹਾਜ਼ਰ ਸਨ।