ਪ੍ਰਿੰਟਰ ਕਾਰੋਬਾਰੀਆਂ ਨੂੰ ਹਿਰਾਸਤ ਵਿੱਚ ਲੈਣ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਫਰੀਦਾਬਾਦ, 26 ਸਤੰਬਰ
ਬੜਖਲ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਦੇ ਇੱਕ ਨੰਬਰ ਮਾਰਕੀਟ ਵਿੱਚ ਖੰਭਿਆਂ ’ਤੇ ਲੱਗੇ ਪੋਸਟਰ ਤੇ ਬੈਨਰ ਨਗਰ ਨਿਗਮ ਦੇ ਅਮਲੇ ਵੱਲੋਂ ਉਤਾਰੇ ਜਾਣ ਅਤੇ ਫਲੈਕਸ ਬਣਾਉਣ ਵਾਲੇ ਪ੍ਰਿੰਟਰਾਂ ਨੂੰ ਹਿਰਾਸਤ ਵਿੱਚ ਲੈਣ ਖ਼ਿਲਾਫ਼ ਐੱਨਆਈਟੀ ਬਾਜ਼ਾਰ ਦੇ ਦੁਕਾਨਦਾਰਾਂ ਨੇ ਸੜਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ। ਫਲੈਕਸ ਬਣਾਉਣ ਵਾਲੇ ਦੁਕਾਨਦਾਰਾਂ ਨੇ ਮੁੱਖ ਬਾਜ਼ਾਰ ਬੰਦ ਕਰ ਦਿੱੱਤਾ ਤੇ ਸੜਕ ਜਾਮ ਕਰ ਦਿੱਤੀ। ਵਰਿੰਦਰ ਸਿੰਘ ਸੱਭਰਵਾਲ ਨੇ ਦੱਸਿਆ ਕਿ ਪੁਲੀਸ ਵਾਲਿਆਂ ਨੇ ਫਲੈਕਸ ਪ੍ਰਿਟੰਰਾਂ ’ਤੇ ਛਾਪਾ ਮਾਰਿਆ ਤੇ ਬਣੇ ਫਲੈਕਸ ਤੇ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਸ ਮਗਰੋਂ ਕੋਤਵਾਲੀ ਥਾਣੇ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਭਾਜਪਾ ਉਮੀਦਵਾਰਾਂ ਨਾਲ ਨਿਗਮ ਰਿਆਇਤ ਕਰ ਰਿਹਾ ਹੈ ਜਦੋਂ ਕਿ ਵਿਜੈ ਪ੍ਰਤਾਪ ਸਿੰਘ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਦੁਕਾਨਦਾਰ ਵਰਿੰਦਰ ਸਿੰਘ ਸੱਭਰਵਾਲ ਨੇ ਦੋਸ਼ ਲਾਇਆ ਕਿ ਇਹ ਹਲਕਾ ਪੰਜਾਬੀ ਬਹੁਵਸੋਂ ਵਾਲਾ ਹੈ ਤੇ ਇਸ ਵਾਰ ਪੰਜਾਬੀ ਭਾਈਚਾਰਾ ਕਾਂਗਰਸ ਦੇ ਨਾਲ ਨਿਧੜਕ ਚੱਲ ਰਿਹਾ ਹੈ। ਉਧਰ ਅਧਿਕਾਰੀਆਂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰ ਪ੍ਰਿੰਟਰ ਲਈ ਲਾਜ਼ਮੀ ਹੈ ਕਿ ਉਹ ਚੋਣ ਪ੍ਰਚਾਰ ਲਈ ਛਾਪੀ ਜਾਣ ਵਾਲੀ ਸਮੱਗਰੀ ਬਾਰੇ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਕੇ ਹੀ ਛਾਪੇ ਨਹੀਂ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।