ਨਾਮਜ਼ਦਗੀਆਂ ਰੱਦ ਹੋਣ ਖ਼ਿਲਾਫ਼ ਗਗਨ ਚੌਕ ’ਚ ਆਵਾਜਾਈ ਠੱਪ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 6 ਅਕਤੂਬਰ
ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਵੱਲੋਂ ਅੱਜ ਗਗਨ ਚੌਕ ’ਚ ਆਵਾਜਾਈ ਠੱਪ ਕਰਕੇ ਸੂਬਾ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਗੈਰ ਸੰਵਿਧਾਨਕ ਤਰੀਕੇ ਨਾਲ ਨਾਮਜ਼ਦਗੀਆਂ ਰੱਦ ਕਰਨ ਦੇ ਦੋਸ਼ ਲਗਾਏ ਹਨ। ਧਰਨਾ ਲੱਗਣ ਕਾਰਨ ਗਗਨ ਚੌਕ ਦੇ ਆਸ-ਪਾਸ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਲੋਕ ਖੱਜਲ ਖ਼ੁਆਰ ਹੋਏ। ਉੱਧਰ ਬੁਲਾਰਿਆਂ ਜਿਨ੍ਹਾਂ ਵਿਚ ਹਲਕਾ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਬੀਜੇਪੀ ਨੇਤਾ ਪ੍ਰਦੀਪ ਨੰਦਾ, ਸੁਰਜੀਤ ਸਿੰਘ ਗੜੀ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਮੌਕੇ ਜੋ ਜ਼ੁਲਮ ਉਮੀਦਵਾਰਾਂ ’ਤੇ ਹੋਏ ਹਨ, ਉਨ੍ਹਾਂ ਨੇ ਅੰਗਰੇਜ਼ਾਂ ਦੀ ਯਾਦ ਦਿਵਾ ਦਿੱਤੀ ਹੈ। ਸ੍ਰੀ ਜਲਾਲਪੁਰ ਨੇ ਕਿਹਾ ਕਿ ‘ਆਪ’ ਸਰਕਾਰ ਨੇ ਅਫ਼ਸਰਾਂ ਨੂੰ ਡਰਾ ਧਮਕਾ ਕੇ ਸਹੀ ਕਾਗ਼ਜ਼ ਵੀ ਰੱਦ ਕਰਵਾਏ ਹਨ , ਉਨ੍ਹਾਂ ਕਿਹਾ ਕਿ ਹਲਕਾ ਘਨੌਰ ਦੇ ਲਗਪਗ 25 ਪਿੰਡਾਂ ਦੇ ਲੋਕਾਂ ਦੇ ਕਾਗ਼ਜ਼ ਰੱਦ ਕਰਵਾਏ ਹਨ। ਉਨ੍ਹਾਂ ਕਿਹਾ ਕਿ ਉਹ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਕੌਂਸਲਰ ਅਮਨਦੀਪ ਸਿੰਘ ਨਾਗੀ, ਯੋਗੇਸ਼ ਕੱਦ ਗੋਲਡੀ, ਪ੍ਰਦੀਪ ਨੰਦਾ, ਵਿਸੂ ਸ਼ਰਮਾ ਤੋਂ ਇਲਾਵਾ ਹੋਰ ਪਿੰਡਾ ਦੇ ਲੋਕ ਮੌਜੂਦ ਸਨ।
ਕਾਗ਼ਜ਼ ਰੱਦ ਹੋਣ ਦੀ ਆੜ ’ਚ ਲਗਾਇਆ ਧਰਨਾ ਬੇਬੁਨਿਆਦ: ਨੀਨਾ ਮਿੱਤਲ
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ) ਜਬਰੀ ਕਾਗ਼ਜ਼ ਰੱਦ ਹੋਣ ਦੇ ਇਲਜ਼ਾਮ ਲਾਉਂਦਿਆਂ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਗਗਨ ਚੋਕ ’ਤੇ ਲਗਾਏ ਧਰਨੇ ਤੋਂ ਤੁਰੰਤ ਬਾਅਦ ਹਲਕਾ ਰਾਜਪੁਰਾ ਦੀ ਵਿਧਾਇਕਾ ਨੇ ਆਪਣੇ ਨਿਵਾਸ ਸਥਾਨ ’ਤੇ ਪ੍ਰੈੱਸ ਕਾਨਫ਼ਰੰਸ ਸੱਦੀ। ਉਨ੍ਹਾਂ ਕਿਹਾ ਕਿ ਕਾਂਗਰਸੀ, ਭਾਜਪਾ ਅਤੇ ਅਕਾਲੀਆਂ ਵੱਲੋਂ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਅਤੇ ਉਹ ਧਰਨੇ ਲਗਾ ਕੇ ਜਾਣ ਬੁੱਝ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਹਾਈਵੇਅ ਜਾਮ ਕਰਨ ਦੀ ਕਾਰਵਾਈ ਦੀ ਉਹ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ 5-10 ਫ਼ੀਸਦੀ ਨਾਮਜ਼ਦਗੀਆਂ ਰੱਦ ਹੋਈਆਂ ਹਨ, ਉਨ੍ਹਾਂ ਦੇ ਕਾਗ਼ਜ਼ਾਂ ਵਿੱਚ ਕਮੀਆਂ ਪਾਈਆਂ ਗਈਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਪੰਚੀ ਦੇ ਇਲੈੱਕਸ਼ਨ ਵਿਚ ਵਿਰੋਧੀਆਂ ਨੇ ਕੋਈ ਗੜਬੜੀ ਕੀਤੀ ਜਾਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ਾਂ ਕੀਤੀ ਤਾਂ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ 3 ਵਜੇ ਤੱਕ ਜੋ ਵੀ ਆਇਆ ਉਸ ਦੇ ਕਾਗ਼ਜ਼ ਦਾਖਲ ਕੀਤੇ ਗਏ ਹਨ। ਇਸ ਮੌਕੇ ਜਗਦੀਪ ਸਿੰਘ ਅਲੂਣਾ, ਅਮਰਿੰਦਰ ਮੀਰੀ, ਐਡਵੋਕੇਟ ਸੰਦੀਪ ਬਾਵਾ, ਜਸਵਿੰਦਰ ਲਾਲਾ ਅਤੇ ਗੁਰਸ਼ਰਨ ਵਿਰਕ ਵੀ ਹਾਜ਼ਰ ਸਨ।