ਇੰਡੀਆ ਗੱਠਜੋੜ ਵੱਲੋਂ ਅਡਾਨੀ ਮਾਮਲੇ ਖ਼ਿਲਾਫ਼ ਮੁਜ਼ਾਹਰਾ
ਨਵੀਂ ਦਿੱਲੀ, 3 ਦਸੰਬਰ
ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀਆਂ ਕਈ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਅਡਾਨੀ ਸਮੂਹ ਨਾਲ ਸਬੰਧਤ ਮੁੱਦੇ ਨੂੰ ਲੈ ਕੇ ਅੱਜ ਸੰਸਦੀ ਕੰਪਲੈਕਸ ’ਚ ਰੋਸ ਮੁਜ਼ਾਹਰਾ ਕੀਤਾ ਅਤੇ ਮਾਮਲੇ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੇ ਗਠਨ ਦੀ ਮੰਗ ਦੁਹਰਾਈ। ਕਾਂਗਰਸ, ਆਮ ਆਦਮੀ ਪਾਰਟੀ, ਰਾਸ਼ਟਰੀ ਜਨਤਾ ਦਲ (ਆਰਜੇਡੀ), ਸ਼ਿਵ ਸੈਨਾ (ਯੂਬੀਟੀ), ਡੀਐੱਮਕੇ ਅਤੇ ਖੱਬੇ ਪੱਖੀ ਪਾਰਟੀਆਂ ਸਮੇਤ ਹੋਰ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇ ਮਾਰੇ ਅਤੇ ਜਵਾਬਦੇਹੀ ਦੀ ਮੰਗ ਕੀਤੀ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ‘ਆਪ’ ਦੇ ਸੰਜੈ ਸਿੰਘ, ਆਰਜੇਡੀ ਦੀ ਮੀਸਾ ਭਾਰਤੀ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਅਰਵਿੰਦ ਸਾਵੰਤ ਨੇ ਸੰਸਦ ਭਵਨ ਦੇ ‘ਮਕਰ ਦੁਆਰ’ ’ਤੇ ਕੀਤੇ ਗਏ ਰੋਸ ਮੁਜ਼ਾਹਰੇ ’ਚ ਸ਼ਮੂਲੀਅਤ ਕੀਤੀ। ਰਿਸ਼ਵਤਖੋਰੀ ਤੇ ਧੋਖਾਧੜੀ ਦੇ ਦੋਸ਼ਾਂ ਹੇਠ ਅਡਾਨੀ ਸਮੂਹ ਦੇ ਮੁਖੀ ਗੌਤਮ ਅਡਾਨੀ ਅਤੇ ਕੰਪਨੀ ਦੇ ਹੋਰ ਅਧਿਕਾਰੀਆਂ ’ਤੇ ਅਮਰੀਕਾ ਵੱਲੋਂ ਦੋਸ਼ ਲਾਏ ਜਾਣ ਮਗਰੋਂ ਕਾਂਗਰਸ ਤੇ ਕੁਝ ਹੋਰ ਵਿਰੋਧੀ ਪਾਰਟੀਆਂ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਾਉਣ ਦੀ ਮੰਗ ਕਰ ਰਹੀਆਂ ਹਨ। ਰਾਹੁਲ ਗਾਂਧੀ ਨੇ ਫੇਸਬੁੱਕ ’ਤੇ ਕਿਹਾ, ‘ਅੱਜ ਸੰਸਦੀ ਕੰਪਲੈਕਸ ਦੇ ਮਕਰ ਦੁਆਰ ’ਤੇ ਰੋਸ ਮੁਜ਼ਾ਼ਹਰਾ, ਅਸਲੀ ਸਵਾਲ ਪੁੱਛ ਰਿਹਾ ਹਾਂ। ਅਡਾਨੀ ਦੇ ਅਰਬਾਂ ਰੁਪਏ ਨਾਲ ਕਿਸ ਨੂੰ ਫਾਇਦਾ ਹੁੰਦਾ ਹੈ ਮੋਦੀ ਜੀ? ਪ੍ਰਧਾਨ ਮੰਤਰੀ ਦੀ ਚੁੱਪ ਬਹੁਤ ਕੁਝ ਕਹਿੰਦੀ ਹੈ।’ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਇਸ ਮਾਮਲੇ ਨੂੰ ਲੈ ਕੇ ਉਦਯੋਗਪਤੀ ਗੌਤਮ ਅਡਾਨੀ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ। ਕੁਝ ਪਾਰਟੀਆਂ, ਖਾਸ ਤੌਰ ’ਤੇ ਟੀਐੱਮਸੀ ਨੇ ਅਡਾਨੀ ਵਿਵਾਦ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ ਹੈ। -ਪੀਟੀਆਈ