ਸੰਭਲ ’ਚ ਹੋਈ ਹਿੰਸਾ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ: ਅਖਿਲੇਸ਼ ਯਾਦਵ
* ਗੋਲੀ ਚਲਾਉਣ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ; ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਬੈਂਕਿੰਗ ’ਚ ਸੁਧਾਰ ਸਬੰਧੀ ਬਿੱਲ ਦਾ ਵਿਰੋਧ
ਨਵੀਂ ਦਿੱਲੀ, 3 ਦਸੰਬਰ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਦੇ ਸੰਭਲ ’ਚ ਹਿੰਸਾ ਇੱਕ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਸੀ ਅਤੇ ਭਾਜਪਾ ਤੇ ਇਸ ਦੇ ਸਹਿਯੋਗੀਆਂ ਵੱਲੋਂ ਦੇਸ਼ ਭਰ ’ਚ ਖੁਦਾਈ ਕੀਤੇ ਜਾਣ ਦੀ ਗੱਲ ਫਿਰਕੂ ਸਦਭਾਵਨਾ ਨੂੰ ਨੁਕਸਾਨ ਪਹੁੰਚਾਏਗੀ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਲੋਕ ਸਭਾ ’ਚ ਇਹ ਮੁੱਦਾ ਉਠਾਉਂਦਿਆਂ ਸਥਾਨਕ ਪੁਲੀਸ ਤੇ ਪ੍ਰਸ਼ਾਸਨ ਨੂੰ ਸੰਭਲ ’ਚ ਪਿੱਛੇ ਜਿਹੇ ਹੋਈ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ। ਇਸੇ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਲੋਕ ਸਭਾ ’ਚ ਪੇਸ਼ ਕੀਤੇ ਗਏ ਬੈਂਕਿੰਗ ਸੁਧਾਰ ਸਬੰਧੀ ਬਿੱਲ ਦਾ ਵਿਰੋਧ ਕੀਤਾ।
ਅਖਿਲੇਸ਼ ਨੇ ਦੋਸ਼ ਲਾਇਆ ਕਿ ਜਦੋਂ ਕੁਝ ਸਥਾਨਕ ਲੋਕਾਂ ਨੇ ਵਿਰੋਧ ਕਰਨ ਲਈ ਪਥਰਾਅ ਕੀਤਾ ਤਾਂ ਪੁਲੀਸ ਮੁਲਾਜ਼ਮਾਂ ਨੇ ਸਰਕਾਰੀ ਤੇ ਨਿੱਜੀ ਹਥਿਆਰਾਂ ਨਾਲ ਗੋਲੀਆਂ ਚਲਾਈਆਂ ਜਿਸ ਕਾਰਨ ਪੰਜ ਬੇਕਸੂਰ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ। ਕੰਨੌਜ ਤੋਂ ਸੰਸਦ ਮੈਂਬਰ ਨੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਮੁਅੱਤਲ ਕਰਨ ਅਤੇ ਉਨ੍ਹਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ।
ਲੋਕ ਸਭਾ ਵਿੱਚ ਜਿੱਥੇ ਅਖਿਲੇਸ਼ ਯਾਦਵ ਨੇ ਮੁੱਦਾ ਚੁੱਕਿਆ ਉੱਥੇ ਹੀ ਰਾਜ ਸਭਾ ’ਚ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਰਾਮ ਗੋਪਾਲ ਯਾਦਵ ਨੇ ਇਸ ਮੁੱਦੇ ’ਤੇ ਸਰਕਾਰ ਨੂੰ ਘੇਰਿਆ। ਰਾਮ ਗੋਪਾਲ ਯਾਦਵ ਨੇ ਕਿਹਾ ਕਿ ਸੰਭਲ ਨੂੰ ਪੁਲੀਸ ਜ਼ੋਨ ’ਚ ਤਬਦੀਲ ਕਰ ਦਿੱਤਾ ਗਿਆ ਅਤੇ ਲੋਕ ਪ੍ਰੇਸ਼ਾਨ ਹਨ ਕਿ ਅਜਿਹਾ ਕਿਉਂ ਕੀਤਾ ਗਿਆ। ਇੱਕ ਸਮੇਂ ਮਜਸਿਦ ’ਚੋਂ ਪਾਣੀ ਵਹਿਣ ਲੱਗਾ ਅਤੇ ਲੋਕਾਂ ਨੂੰ ਲੱਗਿਆ ਕਿ ਅੰਦਰ ਕੁਝ ਸ਼ਰਾਰਤ ਹੋ ਰਹੀ ਹੈ। ਇਸੇ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਲੋਕ ਸਭਾ ’ਚ ਪੇਸ਼ ਕੀਤੇ ਗਏ ਬੈਂਕਿੰਗ ਸੁਧਾਰ ਸਬੰਧੀ ਬਿੱਲ ਦਾ ਵਿਰੋਧ ਕੀਤਾ। ਟੀਐੱਮਸੀ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਇਸ ਬਿੱਲ ਨੂੰ ਭਾਰਤੀ ਬੈਂਕਿੰਗ ਖੇਤਰ ਨੂੰ ਨਿੱਜੀਕਰਨ ਵੱਲ ਵਧਾਉਣ ਵਾਲਾ ਕਰਾਰ ਦਿੱਤਾ। ਉਨ੍ਹਾਂ ਤਰਕ ਦਿੱਤਾ ਕਿ ਬਿੱਲ ਸਪੱਸ਼ਟ ਤੌਰ ’ਤੇ ਬੈਂਕ ਗਾਰੰਟੀ ਤੇ ਨਿਵੇਸ਼ਕ ਸੁਰੱਖਿਆ ’ਚ ਸੁਧਾਰ ਕਰਨਾ ਚਾਹੁੰਦਾ ਹੈ ਪਰ ਇਸ ਦਾ ਅਸਲ ਇਰਾਦਾ ਜਨਤਕ ਖੇਤਰ ਦੀਆਂ ਬੈਂਕਾਂ ’ਚ ਸਰਕਾਰ ਦੀ ਘੱਟੋ ਘੱਟ ਹਿੱਸੇਦਾਰੀ 51 ਫੀਸਦ ਤੋਂ ਘਟਾ ਕੇ 26 ਫੀਸਦ ਕਰਨ ਦਾ ਹੈ। ਇਸੇ ਦੌਰਾਨ ਭਾਜਪਾ ਸੰਸਦ ਮੈਂਬਰ ਸੰਬਿਤ ਪਾਤਰਾ ਵੱਲੋਂ ਲੋਕ ਸਭਾ ’ਚ ਇੱਕ ਬਿੱਲ ’ਤੇ ਚਰਚਾ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਹਵਾਲਾ ਦਿੱਤੇ ਜਾਣ ਕਾਰਨ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ। -ਪੀਟੀਆਈ