ਨਸ਼ਾ ਤਸਕਰਾਂ ਦੀ ਜਾਇਦਾਦ ਕੇਸਾਂ ਨਾਲ ਅਟੈਚ ਕੀਤੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਅਗਸਤ
ਨਸ਼ਾ ਤਸਕਰਾਂ ਖ਼ਿਲਾਫ਼ ਲੁਧਿਆਣਾ ਪੁਲੀਸ ਨੇ ਹੁਣ ਅਨੋਖੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਸ਼ਾ ਤਸਕਰਾਂ ਦੀ ਚੇਨ ਤੋੜਨ ਲਈ ਪੁਲੀਸ ਹੁਣ ਤਸਕਰਾਂ ਦੀ ਜਾਇਦਾਦ ਕੇਸਾਂ ਨਾਲ ਜੋੜਨ ਲੱਗੀ ਹੈ। ਕੁਝ ਸਮੇਂ ਪਹਿਲਾਂ ਇੱਕ ਨਸ਼ਾ ਤਸਕਰ ਦੀ ਸਾਢੇ ਅੱਠ ਕਰੋੜ ਦੀ ਜਾਇਦਾਦ ਨਾਲ ਜੋੜੀ ਗਈ ਸੀ ਤਾਂ ਜਮਾਲਪੁਰ ਇਲਾਕੇ ’ਚ ਰਹਿਣ ਵਾਲੇ ਨਸ਼ਾ ਤਸਕਰ ਗੋਲਡੀ ਦੇ ਇੱਕ ਮਕਾਨ ਨੂੰ ਵੀ ਪੁਲੀਸ ਨੇ ਜੋੜ ਦਿੱਤਾ ਹੈ। ਹੁਣ ਪੁਲੀਸ ਵੱਲੋਂ ਹੋਰ ਵੀ ਨਸ਼ਾ ਤਸਕਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।
ਥਾਣਾ ਜਮਾਲਪੁਰ ਦੀ ਪੁਲੀਸ ਨੇ ਅਗਸਤ 2023 ਨੂੰ ਪਿੰਡ ਜੰਡਿਆਲਾ ਇਲਾਕੇ ਵਿੱਚ ਰਹਿਣ ਵਾਲੇ ਸੁਖਬੀਰ ਸਿੰਘ ਗੋਲਡੀ ਨੂੰ 530 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਪੁਲੀਸ ਮੁਲਜ਼ਮ ਗੋਲਡੀ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਸੀ ਤਾਂ ਪਤਾ ਲੱਗਿਆ ਕਿ ਮੁਲਜ਼ਮ ਗੋਲਡੀ ਨੇ ਨਸ਼ਾ ਵੇਚ ਕੇ ਪਿੰਡ ਜੰਡੀਆਲਾ ਵਿੱਚ 100 ਗਜ਼ ਦਾ ਮਕਾਨ ਬਣਾਇਆ ਹੈ, ਜੋ 23 ਲੱਖ ਰੁਪਏ ਦਾ ਹੈ। ਇਸ ਤੋਂ ਬਾਅਦ ਪੁਲੀਸ ਨੇ ਉਸ ਮਕਾਨ ਨੂੰ ਕੇਸ ਨਾਲ ਜੋੜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਡੀਸੀਪੀ-4 ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਹੋਰ ਵੀ ਕਈ ਨਸ਼ਾ ਤਸਕਰ ਹਨ, ਜਿਨ੍ਹਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਵੀ ਕੇਸਾਂ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਪੁਲੀਸ ਵੱਲੋਂ ਕੀਤੇ ਜਾਣ ਤੋਂ ਬਾਅਦ ਨਸ਼ਾ ਤਸਕਰਾਂ ਦੀ ਚੇਨ ਟੁੱਟ ਸਕਦੀ ਹੈ।