For the best experience, open
https://m.punjabitribuneonline.com
on your mobile browser.
Advertisement

ਖੰਨਾ ਮੰਡੀ ਵਿੱਚ ਝੋਨੇ ਦੀ ਲਿਫਟਿੰਗ ਦੀ ਸਮੱਸਿਆ ਬਰਕਰਾਰ

10:28 AM Nov 08, 2024 IST
ਖੰਨਾ ਮੰਡੀ ਵਿੱਚ ਝੋਨੇ ਦੀ ਲਿਫਟਿੰਗ ਦੀ ਸਮੱਸਿਆ ਬਰਕਰਾਰ
ਖੰਨਾ ਮੰਡੀ ਵਿੱਚ ਲਿਫ਼ਟਿੰਗ ਲਈ ਪਿਆ ਝੋਨਾ।
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 7 ਨਵੰਬਰ
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ ਲਗਾਤਾਰ ਖੱਜਲ-ਖੁਆਰੀ ਝੱਲਣੀ ਪੈ ਰਹੀ ਹੈ ਜਿਸ ਕਾਰਨ ਕਿਸਾਨਾਂ ਨੂੰ ਦੀਵਾਲੀ ਦਾ ਤਿਉਹਾਰ ਵੀ ਮੰਡੀਆਂ ਵਿੱਚ ਮਨਾਉਣ ਲਈ ਮਜਬੂਰ ਹੋਣਾ ਪਿਆ ਅਤੇ ਹੁਣ ਵੀ ਝੋਨੇ ਦੀ ਫਸਲ ਵਿਕਣ ਦੀ ਆਸ ਵਿੱਚ ਉਹ ਮੰਡੀਆਂ ’ਚ ਹੀ ਬੈਠੇ ਹਨ। ਫਸਲ ਵਿਕਣ ਵਿੱਚ ਦੇਰੀ ਹੋਣ ਕਾਰਨ ਝੋਨੇ ਦੇ ਦਾਣੇ ਦਾ ਰੰਗ ਵੀ ਬਦਰੰਗ ਹੋਣ ਲੱਗਾ ਹੈ ਜਿਸ ਕਾਰਨ ਕਿਸਾਨਾਂ ਨੂੰ ਇਸ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ। ਫੋਕਲ ਪੁਆਇੰਟਾਂ ਵਿੱਚ 2 ਤੋਂ 3 ਕਿੱਲੋ ਪ੍ਰਤੀ ਕੁਇੰਟਲ ਕਾਟ ਲਗਾ ਕੇ ਕਿਸਾਨਾਂ ਦੀ ਫਸਲ ਭਰੀ ਜਾ ਰਹੀ ਹੈ। ਇਸ ਦੇ ਨਾਲ ਹੀ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਵੱਲੋਂ ਲਿਫਟਿੰਗ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਅਧਿਕਾਰੀਆਂ ਵੱਲੋਂ ਸਿਰਫ਼ ਗਲਤ ਅੰਕੜੇ ਸਰਕਾਰ ਨੂੰ ਭੇਜੇ ਜਾ ਰਹੇ ਹਨ ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੈ। ਮਾਕਰੀਟ ਕਮੇਟੀ ਵੱਲੋਂ 88 ਫੀਸਦ ਲਿਫਟਿੰਗ ਦੇ ਦਾਅਵੇ ਕੀਤੇ ਜਾ ਰਹੇ ਹਨ। ਪ੍ਰਾਪਤ ਅੰਕੜਿਆਂ ਅਨੁਸਾਰ 15,83,348 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ’ਚੋਂ 13,91,814 ਕੁਇੰਟਲ ਝੋਨੇ ਦੀ ਲਿਫਟਿੰਗ ਹੋ ਗਈ ਦੱਸੀ ਜਾ ਰਹੀ ਹੈ ਤੇ 1,91,534 ਕੁਇੰਟਲ ਝੋਨਾ ਮੰਡੀ ’ਚ ਪਿਆ ਹੈ। ਮੰਡੀ ਵਿਚ ਝੋਨਾ ਲੈ ਕੇ ਆਏ ਕਿਸਾਨ ਦਰਬਾਰਾ ਸਿੰਘ ਪਿੰਡ ਸਲਾਣਾ ਨੇ ਕਿਹਾ ਕਿ ਉਹ ਕਰੀਬ 5 ਦਿਨਾਂ ਤੋਂ ਮੰਡੀ ਵਿੱਚ ਬੈਠਾ ਹੈ। ਝੋਨਾ ਸੁਕਾ ਕੇ ਹੀ ਮੰਡੀ ਵਿੱਚ ਲਿਆਂਦਾ ਸੀ ਪਰ ਫ਼ਿਰ ਵੀ ਵੱਧ ਨਮੀ ਦੱਸ ਕੇ ਉਸ ਨੂੰ ਮੰਡੀ ਵਿੱਚ ਖੁਆਰ ਕੀਤਾ ਜਾ ਰਿਹਾ ਹੈ। ਹੁਣ ਮੰਡੀ ਵਿੱਚ ਫਸਲ ਨੂੰ ਰਾਤ ਸਮੇਂ ਤਰਪਾਲਾਂ ਨਾਲ ਢੱਕਿਆ ਜਾਂਦਾ ਹੈ ਪਰ ਤਰੇਲ ਦਾ ਅਸਰ ਫ਼ਸਲ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਬਜ਼ੁਰਗ ਕਿਸਾਨਾਂ ਦਾ ਬੁਰਾ ਹਾਲ ਹੈ ਅਤੇ ਗਰਦ ਤੇ ਧੂੜ ਕਰਕੇ ਕਿਸਾਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਸਬੰਧੀ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਹਰਭਜਨ ਸਿੰਘ ਨੇ ਕਿਹਾ ਕਿ ਮੰਡੀ ਵਿੱਚ ਕੰਮ ਸਹੀ ਢੰਗ ਨਾਲ ਚੱਲ ਰਿਹਾ ਹੈ ਜਿਹੜੀਆਂ ਬੋਰੀਆਂ ਦਿਖ ਰਹੀਆਂ ਹਨ ਉਹ ਇਕ ਦਿਨ ਪਹਿਲਾਂ ਦੀ ਖਰੀਦ ਕੀਤੀ ਫ਼ਸਲ ਹੈ ਜਿਸ ਨੂੰ ਦੂਜੇ ਦਿਨ ਲਿਫ਼ਟ ਕੀਤਾ ਜਾਂਦਾ ਹੈ।

Advertisement

Advertisement
Advertisement
Author Image

sukhwinder singh

View all posts

Advertisement