ਜ਼ਮੀਨ ਦੀ ਚੰਗੀ ਸਿਹਤ ਤੇ ਸਥਿਰ ਖੇਤੀ ਲਈ ਪਰਾਲੀ ਦੀ ਸੁਚੱਜੀ ਸੰਭਾਲ
ਮੱਖਣ ਸਿੰਘ ਭੁੱਲਰ*
ਭਾਰਤੀ ਲੋਕਾਂ ਦੀ ਖ਼ੁਰਾਕੀ ਸੁਰੱਖਿਆ ਅਤੇ ਦੇਸ਼ ਦੀ ਆਰਥਿਕ ਸਥਿਰਤਾ ਲਈ ਪੰਜਾਬ ਨੇ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾਇਆ ਹੈ। 1960ਵਿਆਂ ਤੋਂ ਪਹਿਲਾਂ ਪੁਰਾਤਨ ਵਿਧੀਆਂ ਨਾਲ ਹੋ ਰਹੀ ਖੇਤੀ, ਕੁਦਰਤੀ ਆਫ਼ਤਾਂ ਅਤੇ ਵਧਦੀ ਆਬਾਦੀ ਕਾਰਨ ਸਾਡਾ ਦੇਸ਼ ਗੰਭੀਰ ਖ਼ੁਰਾਕੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਪੰਜਾਬ ਵਿੱਚ ਹਰੀ ਕ੍ਰਾਂਤੀ ਦੀ ਆਮਦ ਤੇ ਖੇਤੀਬਾੜੀ ਵਿੱਚ ਤਕਨੀਕੀਕਰਨ ਬਦੌਲਤ ਜਿੱਥੇ ਕਣਕ ਦੀ ਪੈਦਾਵਾਰ ਵਿੱਚ ਅਥਾਹ ਵਾਧਾ ਹੋਇਆ, ਉੱਥੇ ਇਸ ਨੇ ਪੰਜਾਬ ਵਿੱਚ ਝੋਨੇ ਦੀ ਵੱਡੀ ਪੱਧਰ ’ਤੇ ਕਾਸ਼ਤ ਕਰਨ ਲਈ ਜਾਗ ਲਗਾਉਣ ਦਾ ਵੀ ਕੰਮ ਕੀਤਾ। ਹਾਲਾਂਕਿ ਝੋਨਾ ਪੰਜਾਬ ਦੀ ਪ੍ਰੰਪਰਾਗਤ ਫ਼ਸਲ ਨਹੀਂ ਸੀ ਪਰ ਵਿਗਿਆਨਕ ਖੇਤੀ ਦੀ ਨੀਂਹ ਰੱਖਣ ਦੇ ਨਾਲ ਹੀ ਇਸ ਫ਼ਸਲ ਵਿੱਚ ਲਗਾਤਾਰ ਵਾਧਾ ਹੋਇਆ ਅਤੇ ਪੰਜਾਬ ਵਿੱਚ ਕਣਕ-ਝੋਨਾ ਹੀ ਪ੍ਰਮੁੱਖ ਫ਼ਸਲੀ ਚੱਕਰ ਬਣ ਕੇ ਰਹਿ ਗਿਆ। ਪੰਜਾਬ ਦੇ ਮੌਜੂਦਾ ਖੇਤੀਬਾੜੀ ਢਾਂਚੇ ਦੀ ਹੋਂਦ ਹਰੀ-ਕ੍ਰਾਂਤੀ ਦੇ ਨਤੀਜਿਆਂ ਦੀ ਉਤਪਤੀ ਕਹੀ ਜਾ ਸਕਦੀ ਹੈ। ਪਿਛਲੇ ਪੰਜ ਦਹਾਕਿਆਂ ਦੌਰਾਨ, ਝੋਨਾ-ਕਣਕ ਦੀ ਫ਼ਸਲੀ ਪ੍ਰਣਾਲੀ ਨੇ 1960 ਦੇ ਦਹਾਕੇ ਦੇ ਦਾਲਾਂ, ਤੇਲ ਬੀਜਾਂ, ਮੱਕੀ, ਜੌਂਅ, ਗੰਨਾ, ਦੇਸੀ ਕਪਾਹ ਆਦਿ ਦੀ ਕਾਸ਼ਤ ਵਾਲੀਆਂ ਫ਼ਸਲਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। 1960-61 ਤੋਂ 2022-23 ਤੱਕ ਝੋਨੇ ਹੇਠ ਰਕਬਾ 227 ਹਜ਼ਾਰ ਹੈਕਟੇਅਰ ਤੋਂ ਵਧ ਕੇ 3168 ਹਜ਼ਾਰ ਹੈਕਟੇਅਰ (13.95 ਗੁਣਾ) ਅਤੇ ਕਣਕ ਵਿੱਚ ਇਹ 1400 ਹਜ਼ਾਰ ਹੈਕਟੇਅਰ ਤੋਂ ਵਧ ਕੇ 3517 ਹਜ਼ਾਰ ਹੈਕਟੇਅਰ (2.51 ਗੁਣਾ) ਹੋ ਗਿਆ। ਭਾਰਤ ਦੇ ਕੇਂਦਰੀ ਅੰਨ ਭੰਡਾਰ ਵਿੱਚ ਪੰਜਾਬ ਦਾ ਝੋਨੇ ਅਤੇ ਕਣਕ ਦਾ ਹਿੱਸਾ 2022-23 ਵਿੱਚ ਖ਼ਤਮ ਹੋਣ ਵਾਲੇ ਦਹਾਕੇ ਵਿੱਚ ਕ੍ਰਮਵਾਰ 21.4 ਤੋਂ 46.3% ਰਿਹਾ। ਭਾਵੇਂ ਪੰਜਾਬ ਨੇ ਝੋਨੇ-ਕਣਕ ਦੇ ਫ਼ਸਲੀ ਚੱਕਰ ਦੀ ਬਦੌਲਤ ਦੇਸ਼ ਦੇ ਲੋਕਾਂ ਦੀ ਖ਼ੁਰਾਕੀ ਸੁਰੱਖਿਆ ਨੂੰ ਤਾਂ ਯਕੀਨੀ ਬਣਾਇਆ ਪਰ ਇਸ ਖ਼ਾਤਰ ਸੂਬੇ ਦੇ ਕੁਦਰਤੀ ਸਰੋਤਾਂ ਅਤੇ ਵਾਤਾਵਰਨ ਨੂੰ ਭਾਰੀ ਢਾਹ ਲੱਗੀ।
ਮੌਜੂਦਾ ਫ਼ਸਲੀ ਪ੍ਰਣਾਲੀ ਦੇ ਪ੍ਰਫੁੱਲਤ ਹੋਣ ਨਾਲ ਪੰਜਾਬ ਦਾ ਲਗਪਗ 100 ਫ਼ੀਸਦੀ ਖੇਤੀਯੋਗ ਰਕਬਾ ਸੇਂਜੂ ਹੋ ਗਿਆ। ਇਨ੍ਹਾਂ ਫ਼ਸਲਾਂ ਲਈ ਸਿੰਜਾਈ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੂਬੇ ਵਿੱਚ ਲਗਪਗ 15.29 ਲੱਖ ਟਿਊਬਵੈੱਲ ਜ਼ਮੀਨ ਹੇਠੋਂ ਪਾਣੀ ਕੱਢ ਰਹੇ ਹਨ ਅਤੇ ਮੌਜੂਦਾ ਸਮੇਂ ਵਿੱਚ ਔਸਤਨ ਹਰ 6.5 ਏਕੜ ਜ਼ਮੀਨ ਵਿੱਚੋਂ ਇੱਕ ਟਿਊਬਵੈੱਲ ਧਰਤੀ ਹੇਠਲੇ ਪਾਣੀ ਨੂੰ ਬਾਹਰ ਕੱਢ ਰਿਹਾ ਹੈ। ਇਸ ਤੋਂ ਇਲਾਵਾ, ਰਾਜ ਦੇ ਹਰ ਕੋਨੇ ਤੇ ਬਿਜਲੀ ਦੀ ਨਿਯਮਤ ਸਪਲਾਈ ਲਈ, ਇੱਕ ਵਿਸ਼ਾਲ ਬਿਜਲੀ ਬੁਨਿਆਦੀ ਢਾਂਚਾ ਵਿਕਸਤ ਬਣਾਇਆ ਗਿਆ ਹੈ ਅਤੇ ਇਸ ਨੂੰ ਨਿਯੰਤਰਤ ਕੀਤਾ ਜਾ ਰਿਹਾ ਹੈ। ਕੁਦਰਤੀ ਸੋਮਿਆਂ ਖ਼ਾਸ ਕਰ ਕੇ ਧਰਤੀ ਹੇਠਲੇ ਪਾਣੀ ਦੇ ਨਿਘਾਰ, ਖੇਤੀ ਰਹਿੰਦ-ਖੂੰਹਦ ਦੇ ਨਿਬੇੜੇ ਦੀ ਸਮੱਸਿਆ, ਵਾਤਾਵਰਨ ਪ੍ਰਦੂਸ਼ਣ, ਵਾਤਾਵਰਨਕ ਅਸੰਤੁਲਨ ਅਤੇ ਘਟਦੀ ਜੈਵ-ਵੰਨ ਸਵੰਨਤਾ ਸੂਬੇ ਦੀ ਮੌਜੂਦਾ ਖੇਤੀਬਾੜੀ ਪ੍ਰਣਾਲੀ ਤੋਂ ਪੈਦਾ ਹੋਣ ਵਾਲੀਆਂ ਪ੍ਰਮੁੱਖ ਚਿੰਤਾਵਾਂ ਹਨ।
ਪਰਾਲੀ ਦੀ ਸੰਭਾਲ ਦਾ ਮੁੱਦਾ ਕਈ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਜ਼ਿਆਦਾਤਰ ਕਿਸਾਨ ਅਜੇ ਵੀ ਝੋਨੇ ਦੀ ਵਢਾਈ ਤੋਂ ਬਾਅਦ ਬਚੀ ਹੋਈ ਪਰਾਲੀ ਨੂੰ ਸਾੜ ਦਿੰਦੇ ਹਨ। ਇਸ ਮੁੱਦੇ ਨੇ ਸਰਕਾਰ ਅਤੇ ਸਬੰਧਿਤ ਸੰਸਥਾਵਾਂ ਨੂੰ ਪਹਿਲ ਦੇ ਆਧਾਰ ’ਤੇ ਪਰਾਲੀ ਦੀ ਸੰਭਾਲ ਲਈ ਬੁਨਿਆਦੀ ਢਾਂਚਾ ਪ੍ਰਦਾਨ ਕਰਨ, ਤਕਨੀਕਾਂ ਵਿਕਸਤ ਕਰਨ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮਜਬੂਰ ਕੀਤਾ। ਪੀਏਯੂ ਨੇ ਪਰਾਲੀ ਦੀ ਸੰਭਾਲ ਦੇ ਨਾਲ-ਨਾਲ ਕਣਕ ਦੀ ਸਮੇਂ ਸਿਰ ਬਿਜਾਈ ਲਈ ਮਸ਼ੀਨਰੀ ਅਤੇ ਤਕਨੀਕਾਂ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਕ ਅੰਦਾਜ਼ੇ ਮੁਤਾਬਕ 90 ਫ਼ੀਸਦੀ ਤੋਂ ਵੱਧ ਝੋਨੇ ਦੀ ਵਢਾਈ ਕੰਬਾਈਨਾਂ ਦੀ ਵਰਤੋਂ ਕਰ ਕੇ ਕੀਤੀ ਜਾਂਦੀ ਹੈ, ਜਿਸ ਨਾਲ ਪਰਾਲੀ ਖੇਤਾਂ ਵਿੱਚ ਰਹਿ ਜਾਂਦੀ ਹੈ। ਬਹੁਤ ਸਾਰੇ ਕਿਸਾਨ ਅਜੇ ਵੀ ਇਸ ਨੂੰ ਖੇਤਾਂ ਵਿੱਚ ਸਾੜ ਦਿੰਦੇ ਹਨ ਜਿਸ ਨਾਲ ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ ਭਾਰੀ ਹਵਾ ਪ੍ਰਦੂਸ਼ਣ ਹੁੰਦਾ ਹੈ। ਇਸ ਤੋਂ ਇਲਾਵਾ ਪਰਾਲੀ ਨੂੰ ਅੱਗ ਲਗਾਉਣ ਨਾਲ ਲਾਭਦਾਇਕ ਸੂਖਮ ਜੀਵਾਂ, ਜਾਨਵਰਾਂ ਅਤੇ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ। ਇਹ ਦੇਖਿਆ ਗਿਆ ਹੈ ਕਿ ਇੱਕ ਹੈਕਟੇਅਰ ਰਕਬੇ ’ਤੇ ਪਰਾਲੀ ਨੂੰ ਸਾੜਨ ਨਾਲ 33.0 ਕਿਲੋ ਨਾਈਟ੍ਰੋਜਨ, 13.8 ਕਿਲੋ ਫਾਸਫੋਰਸ, 150 ਕਿਲੋ ਪੋਟਾਸ਼ੀਅਮ, 7.2 ਕਿਲੋ ਜ਼ਿੰਕ ਅਤੇ 2400 ਕਿਲੋ ਜੈਵਿਕ ਕਾਰਬਨ ਨਸ਼ਟ ਹੋ ਜਾਂਦੇ ਹਨ। ਪੰਜਾਬ ਰਾਜ ਵਰਗੇ ਖੇਤਰਾਂ ਵਿੱਚ ਵਾਤਾਵਰਨ ਸੰਤੁਲਨ ਨੂੰ ਕਾਇਮ ਰੱਖਣ ਲਈ, ਲਗਪਗ 20% ਰਕਬਾ ਦਰੱਖਤਾਂ ਹੇਠ ਹੋਣਾ ਚਾਹੀਦਾ ਹੈ, ਪਰ ਪੰਜਾਬ ਵਿੱਚ ਇਹ ਘਟ ਕੇ ਸਿਰਫ਼ 6.0 ਫ਼ੀਸਦੀ ਤੋਂ ਵੀ ਹੇਠਾਂ ਰਹਿ ਗਿਆ ਹੈ। ਜੈਵ ਵੰਨ-ਸਵੰਨਤਾ ਨੂੰ ਕਾਇਮ ਰੱਖਣ ਲਈ ਗੰਭੀਰ ਯਤਨਾਂ ਦੀ ਲੋੜ ਹੈ।
ਯੂਨੀਵਰਸਿਟੀ ਨੇ ਪਰਾਲੀ ਦੀ ਸੁਚੱਜੀ ਸੰਭਾਲ ਲਈ ਕਈ ਤਕਨੀਕਾਂ ਵਿਕਸਿਤ ਕੀਤੀਆਂ ਹਨ। ਪਰਾਲੀ ਦੀ ਖੇਤਾਂ ਵਿੱਚ ਹੀ ਸੰਭਾਲ (ਇਨ-ਸੀਟੂ) ਬਹੁਤ ਹੀ ਵਧੀਆ ਵਿਕਲਪ ਹੈ, ਇਸ ਲਈ ਸਮਾਰਟ ਸੀਡਰ, ਹੈਪੀ ਸੀਡਰ, ਸਟਰਾਅ ਮੈਨੇਜਮੈਂਟ ਸਿਸਟਮ, ਸੁਪਰ ਸੀਡਰ, ਜ਼ੀਰੋ-ਟਿਲ ਡਰਿੱਲ, ਸ਼ਰੈਡਰ ਅਤੇ ਮਲਚਰ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੰਬਾਈਨ ਹਾਰਵੈਸਟਰ ਨਾਲ ਸਟਰਾਅ ਮੈਨੇਜਮੈਂਟ ਸਿਸਟਮ (ਐੱਸਐੱਮਐੱਸ) ਲਗਾਉਣਾ ਲਾਜ਼ਮੀ ਹੈ। ਸੁਪਰ ਸੀਡਰ ਮਸ਼ੀਨ ਦੇ ਚੱਲਣ ਲਈ ਜ਼ਿਆਦਾ ਹਾਰਸਪਾਵਰ ਵਾਲੇ ਟਰੈਕਟਰ ਦੀ ਲੋੜ ਪੈਂਦੀ ਹੈ ਜੋ ਕਿ ਆਮ ਕਿਸਾਨ ਦੀ ਪਹੁੰਚ ਤੋਂ ਬਾਹਰ ਹੁੰਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਯੂਨੀਵਰਸਿਟੀ ਨੇ ਸਮਾਰਟ ਸੀਡਰ ਮਸ਼ੀਨ ਦੀ ਸ਼ਿਫਾਰਸ਼ ਕੀਤੀ ਹੈ, ਜੋ ਕਿਸਾਨਾਂ ਕੋਲ ਉਪਲਬਧ ਟਰੈਕਟਰ ਨਾਲ ਹੀ ਚੱਲ ਜਾਂਦੀ ਹੈ। ਇਹ ਮਸ਼ੀਨ ਸੁਪਰ ਸੀਡਰ ਅਤੇ ਹੈਪੀ ਸੀਡਰ ਦਾ ਸੁਮੇਲ ਹੈ ਜੋ ਕਿ ਜ਼ਮੀਨ ਦੇ ਥੋੜ੍ਹੇ ਹਿੱਸੇ ਵਿਚ ਵਹਾਈ ਕਰਦੀ ਹੈ ਅਤੇ ਬਾਕੀ ਹਿੱਸੇ ਤੇ ਜ਼ਮੀਨ ਦੀ ਸਤਹਿ ਉੱਤੇ ਮਲਚ ਰਹਿੰਦੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਝੋਨੇ ਦੀ ਰਹਿੰਦ-ਖੂੰਹਦ ਦੀ ਸੰਭਾਲ ਦੇ ਨਾਲ-ਨਾਲ ਕਣਕ ਦੀ ਬਿਜਾਈ ਲਈ ਘੱਟ ਲਾਗਤ ਵਾਲੀ ‘ਸਰਫੇਸ ਸੀਡਿੰਗ’ ਤਕਨੀਕ ਸਿਫਾਰਸ਼ ਕੀਤੀ ਹੈ। ਇਸ ਤਕਨੀਕ ਵਿੱਚ ‘ਸਰਫੇਸ ਸੀਡਰ’ ਜੋ ਇੱਕ ਘੱਟ ਕੀਮਤ ਵਾਲੀ ਮਸ਼ੀਨ ਹੈ, ਉਸ ਨਾਲ ਕਣਕ ਦੇ ਬੀਜ ਅਤੇ ਮੁੱਢਲੀ ਰਸਾਇਣਕ ਖਾਦ ਨੂੰ ਕੰਬਾਈਨ ਨਾਲ ਕਟਾਈ ਕੀਤੇ ਝੋਨੇ ਵਾਲੇ ਖੇਤ ਵਿੱਚ ਇੱਕਸਾਰ ਕੇਰਦੀ ਹੈ।
ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਕਰਨ ਲਈ ਪੀਏਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਵੱਲੋਂ ਬਹੁਤ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਨ੍ਹਾਂ ਵੱਲੋਂ ਆਪਣੀਆਂ ਪਸਾਰ ਗਤੀਵਿਧੀਆਂ ਦੁਆਰਾ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਮੁਹੱਈਆ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਖੇਤੀ ਪਸਾਰ ਕਾਮਿਆਂ ਨੂੰ ਵੀ ਫ਼ਸਲਾਂ ਦੀ ਰਹਿੰਦ-ਖੂੰਹਦ ਸੰਭਾਲਣ ਲਈ ਜਾਗਰੂਕ ਕਰਨ ਦੇ ਨਾਲ-ਨਾਲ ਤਕਨੀਕੀ ਜਾਣਕਾਰੀ ਪ੍ਰਦਾਨ ਕੀਤੀ ਗਈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੀਏਯੂ ਲੁਧਿਆਣਾ ਦੇ ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ ’ਤੇ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਕਟਰ-ਕਮ-ਸਪਰੈੱਡਰ, ਮਲਚਰ, ਮੋਲਡ ਬੋਰਡ ਪਲੌਅ, ਰਿਵਰਸੀਬਲ ਮੋਲਡ ਬੋਰਡ ਪਲੌਅ ਆਦਿ ਵਰਗੀਆਂ ਵੱਡੀ ਗਿਣਤੀ ਵਿੱਚ ਮਸ਼ੀਨਾਂ ਉਪਲੱਬਧ ਹਨ ਜੋ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਲਈ ਲੋੜੀਂਦੀਆਂ ਹਨ। ਪਿਛਲੇ ਸਾਲ ਦੌਰਾਨ ਇਨ੍ਹਾਂ ਮਸ਼ੀਨਾਂ ਨੂੰ ਸੂਬੇ ਦੇ 1310 ਕਿਸਾਨਾਂ ਵੱਲੋਂ 3925 ਏਕੜ ਰਕਬੇ ’ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਲਈ ਵਰਤਿਆ ਗਿਆ। ਇਹ ਮਸ਼ੀਨਾਂ ਬਹੁਤ ਹੀ ਮਾਮੂਲੀ ਕਿਰਾਏ ’ਤੇ ਮੁਹੱਈਆ ਕਰਵਾਈਆਂ ਗਈਆਂ ਸਨ। ਕਣਕ ਦੀ ਫ਼ਸਲ ਦੀ ਵਢਾਈ ਵੇਲੇ ਕਿਸਾਨਾਂ ਨੂੰ ਪ੍ਰਚੱਲਤ ਤਕਨੀਕਾਂ ਦੇ ਮੁਕਾਬਲੇ ਨਵੀਆਂ ਤਕਨੀਕਾਂ ਵਾਲੀਆਂ ਪ੍ਰਦਰਸ਼ਨੀਆਂ ਦੇ ਨਤੀਜੇ ਦਿਖਾਉਣ ਲਈ 32 ਖੇਤ ਦਿਵਸਾਂ ਦਾ ਪ੍ਰਬੰਧ ਕੀਤਾ ਗਿਆ। ਯੂਨੀਵਰਸਿਟੀ ਨੇ ਵੱਖ-ਵੱਖ ਪਸਾਰ ਸੇਵਾਵਾਂ ਦੁਆਰਾ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਵੀ ਬਹੁਤ ਉਪਰਾਲੇ ਕੀਤੇ ਹਨ। ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫ਼ਾਰਮ ਸਲਾਹਕਾਰ ਸੇਵਾ ਕੇਂਦਰਾਂ ਵੱਲੋਂ ਪਿਛਲੇ ਸਾਲ ਇਸ ਦੇ ਪ੍ਰਚਾਰ ਲਈ 911 ਏਕੜ ਵਿੱਚ ਡੀਐਸਆਰ ਦੀਆਂ 423 ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਥੋੜ੍ਹੇ ਸਮੇਂ (93 ਦਿਨ) ਵਿੱਚ ਪੱਕਣ ਵਾਲੀ ਅਤੇ ਘੱਟ ਪਰਾਲੀ ਪੈਦਾ ਕਰਨ ਵਾਲੀ ਝੋਨੇ ਦੀ ਕਿਸਮ ਪੀਆਰ-126 ਦੀਆਂ ਵੀ 1483 ਏਕੜ ਰਕਬੇ ਤੇ ਕੁੱਲ 692 ਪ੍ਰਦਰਸ਼ਨੀਆਂ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਪੀਏਯੂ ਦੀਆਂ ਪਸਾਰ ਸੇਵਾਵਾਂ ਦੇ ਜ਼ਬਰਦਸਤ ਯਤਨਾਂ ਸਦਕਾ ਪਿਛਲੇ ਸਾਲ ਦੌਰਾਨ 70 ਪਿੰਡਾਂ ਨੂੰ ਪਰਾਲੀ ਸਾੜਨ ਤੋਂ ਬਿਲਕੁਲ ਮੁਕਤ ਕੀਤਾ ਗਿਆ ਹੈ।
*ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ।