For the best experience, open
https://m.punjabitribuneonline.com
on your mobile browser.
Advertisement

ਕਾਲਜੇ ਠੰਢ

06:53 AM Oct 07, 2024 IST
ਕਾਲਜੇ ਠੰਢ
Advertisement

ਜਗਦੀਸ਼ ਕੌਰ ਮਾਨ

Advertisement

ਗੁਰਬਾਣੀ ਦਾ ਫ਼ਰਮਾਨ ਹੈ: ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ ਇਸ ਗੁਰਮਤਿ ਵਿਚਾਰ ਵਿੱਚ ਕਿੰਨੀ ਵੱਡੀ ਅਟੱਲ ਸਚਾਈ ਛੁਪੀ ਹੋਈ ਹੈ! ਸੰਸਾਰ ਦੇ ਜਿੰਨੇ ਵੀ ਜਾਨਦਾਰ ਪ੍ਰਾਣੀ ਹਨ, ਉਨ੍ਹਾਂ ਦੇ ਜੀਵਨ ਦੀ ਨਿਰਭਰਤਾ ਪਾਣੀ ’ਤੇ ਹੈ। ਬੰਦਾ ਕੁਝ ਸਮਾਂ ਭੁੱਖਾ ਤਾਂ ਰਹਿ ਸਕਦਾ ਪਰ ਪਿਆਸ ਬਹੁਤੀ ਦੇਰ ਨਹੀਂ ਸਹਾਰ ਸਕਦਾ। ਕੁਦਰਤ ਦੀ ਇਹ ਅਨਮੋਲ ਸੌਗਾਤ ਮਨੁੱਖ ਦੀ ਮੁੱਖ ਲੋੜ ਹੈ। ਦੁੱਧ ਤੇ ਬਾਕੀ ਖਾਧ ਪਦਾਰਥ ਦੂਜੇ ਨੰਬਰ ’ਤੇ ਹਨ। ਕੁਦਰਤ ਦਾ ਕ੍ਰਿਸ਼ਮਾ ਦੇਖੋ, ਦੁੱਧ ਦੀ ਸਭ ਤੋਂ ਵੱਧ ਲੋੜ ਨਵਜੰਮੇ ਬੱਚੇ ਨੂੰ ਹੁੰਦੀ ਹੈ ਕਿਉਂਕਿ ਦੁੱਧ ਚੁੰਘਣ ਤੋਂ ਇਲਾਵਾ ਕੋਈ ਹੋਰ ਭੋਜਨ ਉਸ ਵਾਸਤੇ ਅਸੰਭਵ ਹੁੰਦਾ। ਕੁਦਰਤ ਨੇ ਬੱਚੇ ਦੇ ਆਉਣ ਤੋਂ ਪਹਿਲਾਂ ਹੀ ਉਸ ਦਾ ਮੁਢਲਾ ਆਹਾਰ ਨਿਆਮਤ ਵਜੋਂ ਮਾਂ ਦੀਆਂ ਛਾਤੀਆਂ ਵਿਚ ਉਤਾਰ ਕੇ ਰੱਖਿਆ ਹੁੰਦਾ ਹੈ।
ਆਮ ਵਰਤੋਂ ਸਮੇਂ ਪਾਣੀ ਦਾਰੂ ਵੀ (ਜੀਵਨ ਦਾਤੀ ਕੁਦਰਤੀ ਔਸ਼ਧੀ) ਹੈ; ਹੜ੍ਹ ਆ ਜਾਣ ਤਾਂ ਇਹ ਤਬਾਹਕੁਨ ਵੀ ਹੈ। ਗੰਭੀਰ ਬਿਮਾਰੀਆਂ ਸਮੇਂ ਪਾਣੀ ਪੀਣ ’ਤੇ ਲੱਗੀ ਪਾਬੰਦੀ ਅਜਿਹਾ ਕਹਿਰ ਢਾਹ ਦਿੰਦੀ ਹੈ ਕਿ ਫਿਰ ਇਹ ਮੇਰੇ ਵਰਗੀਆਂ ਮਾਵਾਂ ਦੀ ਝੋਲੀ ਵਿਚ ਜਿ਼ੰਦਗੀ ਭਰ ਦਾ ਸਦਮਾ ਪਾ ਜਾਂਦੀ ਹੈ। ਮੇਰਾ ਪੁੱਤਰ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਲੁਧਿਆਣੇ ਹਸਪਤਾਲ ਵਿਚ ਦਾਖਲ ਸੀ। ਪੈਂਕਰਿਅਸ ਫੇਲਿਓਰ (ਪੇਟ ਵਿੱਚ ਪਾਚਣ ਰਸ ਦੀ ਥੈਲੀ ਦਾ ਨੁਕਸਾਨਿਆ ਜਾਣਾ) ਦੀ ਬਿਮਾਰੀ ਅੰਤਿਮ ਪੜਾਅ ’ਤੇ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪਾਣੀ ਪਿਲਾਉਣ ਤੋਂ ਮਨਾਹੀ ਕੀਤੀ ਹੋਈ ਸੀ। ਮਹੀਨਾ ਜੂਨ ਦਾ ਸੀ। ਮੱਧ-ਭੂਮੱਧ ਰੇਖੀ ਖਿੱਤੇ ਵਿਚ ਇਹ ਸਾਲ ਦਾ ਸਭ ਤੋਂ ਗਰਮ ਮਹੀਨਾ ਹੁੰਦਾ ਹੈ। ਅਸੀਂ ਘੰਟੇ ਵਿਚ ਦੋ-ਦੋ ਵਾਰ ਪਾਣੀ ਪੀਂਦੇ ਹਾਂ ਪਰ ਬਿਮਾਰੀ ਦੀ ਗੰਭੀਰਤਾ ਕਾਰਨ ਪੁੱਤ ਨੂੰ ਪਾਣੀ ਪਿਲਾਉਣਾ... ਉਫ਼! ਡਾਕਟਰਾਂ ਨੇ ਸਖ਼ਤ ਚਿਤਾਵਨੀ ਦਿੱਤੀ ਹੋਈ ਸੀ ਕਿ ਪਾਣੀ ਦੀ ਇਕ ਘੁੱਟ ਵੀ ਅੰਦਰ ਲੰਘ ਗਈ ਤਾਂ ਮਰੀਜ਼ ਦੀ ਜਾਨ ਨੂੰ ਖ਼ਤਰਾ ਹੋ ਸਕਦਾ। ਇੱਕੀ ਸਾਲ ਦਾ ਮੇਰਾ ਪੁੱਤ ਪਾਣੀ-ਪਾਣੀ ਪੁਕਾਰ ਰਿਹਾ ਸੀ, ਪਾਣੀ ਵਾਸਤੇ ਤਰਲੇ ਕੱਢ ਰਿਹਾ ਸੀ ਪਰ ਡਾਕਟਰੀ ਹਦਾਇਤ ਅਨੁਸਾਰ ਪਾਣੀ ਨਾ ਪਿਲਾਉਣਾ ਪਰਿਵਾਰ ਦੀ ਮਜਬੂਰੀ ਸੀ। ਮੈਂ ਮਾਂ ਤਾਂ ਉਸ ਵਕਤ ਉਸ ਦੇ ਕੋਲ ਨਹੀਂ ਸਾਂ ਪਰ ਪਰਿਵਾਰਕ ਜੀਆਂ ਨੇ ਬਾਅਦ ਵਿੱਚ ਦੱਸਿਆ ਕਿ ਪਿਉ ਤੋਂ ਉਹ ਪਾਣੀ ਵਾਸਤੇ ਵਿਲਕਦਾ, ਤਰਲੇ ਕਰਦਾ ਝੱਲਿਆ ਨਹੀਂ ਸੀ ਜਾ ਰਿਹਾ। ਉਨ੍ਹਾਂ ਆਪਣੇ ਭਤੀਜੇ ਜੋ ਹਸਪਤਾਲ ਸਾਡੇ ਪੁੱਤ ਦੀ ਸੰਭਾਲ ਕਰ ਰਿਹਾ ਸੀ, ਨੂੰ ਕਿਹਾ, “ਉਏ ਨਾ ਤਰਸਾ ਇਹਨੂੰ, ਪਿਲਾ ਦੇ ਦੋ ਘੁੱਟ! ਮਿੰਨਤ ਨਾਲ ਈ...।” ਸਾਰੇ ਰੋਣਹਾਕੇ ਹੋਏ ਪਏ ਸੀ।
“ਚਾਚਾ ਜੀ ਸਮਝਦੇ ਕਿਉਂ ਨਹੀਂ, ਇਹਦੀ ਜਾਨ ਨੂੰ ਖ਼ਤਰਾ ਹੋ ਸਕਦਾ।” ਉਹ ਆਪਣੀ ਜਗ੍ਹਾ ਸੱਚਾ ਸੀ।
“ਹੋਣਾ ਤਾਂ ਉਹੀ ਜੋ ਕੁਦਰਤ ਨੂੰ ਮਨਜ਼ੂਰ ਹੈ! ਪਰ ਮੈਥੋਂ ਬੱਚਾ ਇਉਂ ਤੜਫਦਾ ਝੱਲਿਆ ਨਹੀਂ ਜਾਂਦਾ।” ਤੇ ਫਿਰ ਉਹ ਹੁਬਕੀਂ ਰੋਣ ਲੱਗ ਪਏ। ਅਖ਼ੀਰ ਰੁਮਾਲ ਗਿੱਲਾ ਕਰ ਕੇ ਉਹਦੇ ਬੁੱਲ੍ਹਾਂ ’ਤੇ ਫੇਰਿਆ ਪਰ ਗਟ-ਗਟ ਕਰ ਕੇ ਪਾਣੀ ਪੀਣ ਦੀ ਖ਼ਾਹਿਸ਼ ਮਨ ਵਿਚ ਲੈ ਕੇ ਪੁੱਤ ਦੂਜੇ ਦਿਨ ਹੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। ਮੈਨੂੰ ਭਾਣਾ ਮਿੱਠਾ ਕਰ ਕੇ ਮੰਨਣ ਨੂੰ ਸਾਲਾਂ ਦੇ ਸਾਲ ਲੱਗ ਗਏ। ਮਨ ਦੀ ਵਿਲਕਣੀ ਅਜੇ ਵੀ ਕਿਹੜਾ ਮੱਠੀ ਹੋਈ ਹੈ!
ਉਦੋਂ ਤੋਂ ਅੱਜ ਤੱਕ ਕਿਸੇ ਫ਼ਕੀਰ, ਰਾਹੀ, ਪਾਂਧੀ ਤੇ ਗਲੀ ਵਿੱਚ ਆਉਂਦੇ ਹਰ ਕਾਮੇ ਨੂੰ ਪਾਣੀ ਪਿਲਾਏ ਬਗੈਰ ਜਾਣ ਨਹੀਂ ਦਿੰਦੀ। ਮੇਰੀ ਇਸ ਆਦਤ ਤੋਂ ਭਾਵੇਂ ਸਾਰਾ ਟੱਬਰ ਦੁਖੀ ਹੈ ਪਰ ਮੇਰਾ ਯਕੀਨ ਬੱਝਦਾ ਹੈ ਕਿ ਕੀ ਪਤਾ... ਮੇਰੇ ਇਸ ਤਰ੍ਹਾਂ ਕਰਨ ਨਾਲ ਪਾਣੀ ਦੀ ਘੁੱਟ ਤੋਂ ਤਰਸਦੇ ਤੁਰ ਗਏ ਮੇਰੇ ਪੁੱਤ ਦੀ ਰੂਹ ਨੂੰ ਸ਼ਾਂਤੀ ਮਿਲ ਜਾਵੇ... ਮੈਂ ਤਾਂ ਹਰ ਵੇਲੇ ਅਰਜੋਈ ਕਰਦੀ ਹਾਂ ਕਿ ਹੋਣੀ ਨੇ ਜਿਹੜਾ ਭਾਣਾ ਮੇਰੇ ਨਾਲ ਵਰਤਾਇਆ ਹੈ, ਕਿਸੇ ਮਾਂ ਨਾਲ ਇਉਂ ਨਾ ਹੋਵੇ।... ਦੁਨੀਆ ਭਰ ਦੀਆਂ ਮਾਵਾਂ ਦੇ ਕਾਲਜੇ ਠੰਢੇ ਰਹਿਣ!
ਸੰਪਰਕ: 78146-98117

Advertisement

Advertisement
Author Image

Advertisement