ਪ੍ਰਯਾਗਰਾਜ ਤੇ ਵਰਿੰਦਾਵਨ ਦੇ ਮੰਦਰਾਂ ਵਿੱਚ ਬਾਹਰੋਂ ਪ੍ਰਸਾਦ ਲਿਆਉਣ ’ਤੇ ਰੋਕ
ਪ੍ਰਯਾਗਰਾਜ/ਮਥੁਰਾ, 26 ਸਤੰਬਰ
ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਬਾਲਾਜੀ ਮੰਦਰ ਵਿੱਚ ਪ੍ਰਸਾਦ ਦੇ ਰੂਪ ਵਿੱਚ ਅਸ਼ੁੱਧ ਲੱਡੂ ਚੜ੍ਹਾਏ ਜਾਣ ਦੇ ਮਾਮਲੇ ਵਿਚਾਲੇ ਪ੍ਰਯਾਗਰਾਜ ਅਤੇ ਵਰਿੰਦਾਵਨ ਦੇ ਪ੍ਰਮੁੱਖ ਮੰਦਰਾਂ ਵਿੱਚ ਵੀ ਬਾਹਰ ਤੋਂ ਲਿਆਂਦੀਆਂ ਮਠਿਆਈਆਂ ਅਤੇ ਹੋਰ ਪ੍ਰੋਸੈੱਸ ਕੀਤੀਆਂ ਵਸਤਾਂ ਪ੍ਰਸਾਦ ਵਜੋਂ ਚੜ੍ਹਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਮੰਦਰਾਂ ਦੇ ਮਹੰਤਾਂ ਨੇ ਭਗਤਾਂ ਨੂੰ ਫਿਲਹਾਲ ਪ੍ਰਸਾਦ ਦੇ ਰੂਪ ਵਿੱਚ ਨਾਰੀਅਲ, ਇਲਾਇਚੀ ਦਾਣਾ, ਸੁੱਕੇ ਮੇਵੇ, ਫ਼ਲ ਤੇ ਫੁੱਲ ਚੜ੍ਹਾਉਣ ਦੀ ਅਪੀਲ ਕੀਤੀ ਹੈ। ਸੰਗਮ ਵਾਲੇ ਇਸ ਸ਼ਹਿਰ ਵਿੱਚ ਅਲੋਪ ਸ਼ੰਕਰੀ ਦੇਵੀ, ਬੜੇ ਹਨੂੰਮਾਨ ਅਤੇ ਮਨਕਾਮੇਸ਼ਵਰ ਸਣੇ ਕਈ ਪ੍ਰਮੁੱਖ ਮੰਦਰਾਂ ਵੱਲੋਂ ਉਕਤ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ। ਪ੍ਰਯਾਗਰਾਜ ਦੇ ਪ੍ਰਸਿੱਧ ਲਲਿਤਾ ਦੇਵੀ ਮੰਦਰ ਦੇ ਮੁੱਖ ਪੁਜਾਰੀ ਸ਼ਿਵ ਮੂਰਤ ਮਿਸ਼ਰਾ ਨੇ ਕਿਹਾ, ‘ਮੰਗਲਵਾਰ ਨੂੰ ਹੋਈ ਸਾਡੇ ਮੰਦਰ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਮੰਦਰ ਵਿੱਚ ਪ੍ਰਸਾਦ ਦੇ ਰੂਪ ਵਿੱਚ ਮਠਿਆਈਆਂ ਨਹੀਂ ਚੜ੍ਹਾਈਆਂ ਜਾਣਗੀਆਂ ਬਲਕਿ ਸ਼ਰਧਾਲੂਆਂ ਨੂੰ ਨਾਰੀਅਲ, ਫ਼ਲ, ਸੁੱਕੇ ਮੇਵੇ, ਇਲਾਇਚੀ ਦਾਣਾ ਆਦਿ ਪ੍ਰਸਾਦ ਵਜੋਂ ਚੜ੍ਹਾਉਣ ਦੀ ਅਪੀਲ ਕੀਤੀ ਗਈ ਹੈ।’ ਉਨ੍ਹਾਂ ਕਿਹਾ ਕਿ ਮੰਦਰ ਦੇ ਅਹਾਤੇ ਵਿੱਚ ਹੀ ਸ਼ੁੱਧ ਮਠਿਆਈਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਯੋਜਨਾ ਹੈ ਜਿੱਥੋਂ ਸ਼ਰਧਾਲੂ ਸ਼ੁੱਧ ਘਿਓ ਦੀਆਂ ਬਣੀਆਂ ਮਠਿਆਈਆਂ ਲੈ ਸਕਣਗੇ। -ਪੀਟੀਆਈ
ਮਠਿਆਈ ਦੀ ਥਾਂ ਫ਼ਲ ਤੇ ਫੁੱਲ ਦਾ ਪ੍ਰਸਾਦ
ਵਰਿੰਦਾਵਨ ਦੀ ਸਥਾਨਕ ਧਾਰਮਿਕ ਸੰਸਥਾ ‘ਧਰਮ ਰੱਖਿਆ ਸੰਘ’ ਨੇ ਕ੍ਰਿਸ਼ਨ ਨਗਰੀ ਦੇ ਮੰਦਰਾਂ ਵਿੱਚ ਬਾਜ਼ਾਰ ’ਚ ਮਿਲਣ ਵਾਲੀਆਂ ਮਠਿਆਈਆਂ ਦੀ ਥਾਂ ਫ਼ਲ, ਫੁੱਲ, ਪੰਚਮੇਵਾ, ਇਲਾਇਚੀ ਦੇ ਬੀਜ ਅਤੇ ਮਿਸ਼ਰੀ ਵਰਗੇ ਪ੍ਰਾਚੀਨ ਪ੍ਰਸਾਦ ਚੜ੍ਹਾਉਣ ਦਾ ਫੈਸਲਾ ਲਿਆ ਹੈ। ਇਹ ਜਾਣਕਾਰੀ ਸੰਘ ਦੇ ਕੌਮੀ ਪ੍ਰਧਾਨ ਸੌਰਭ ਗੌੜ ਨੇ ਅੱਜ ਦਿੱਤੀ। -ਪੀਟੀਆਈ