ਮੁਨਾਫ਼ਾ, ਮੰਡੀ ਅਤੇ ਸਮਾਜਿਕ ਸਰੋਕਾਰ
ਸਮਾਜਿਕ ਸਮੱਸਿਆਵਾਂ ਸਣੇ ਲਗਭੱਗ ਸਾਰੀਆਂ ਗੁੰਝਲਦਾਰ ਮੁਸ਼ਕਿਲਾਂ ਦਾ ਹੱਲ ਅਰਥ ਸ਼ਾਸਤਰੀ ਬਾਜ਼ਾਰ ਜਾਂ ਮੰਡੀ ’ਤੇ ਛੱਡ ਰਹੇ ਹਨ। ਅਰਥ ਸ਼ਾਸਤਰੀਆਂ ਦਾ ਮੰਡੀਆਂ ਦਾ ਆਪਣਾ ਸਿਧਾਂਤ ਹੈ। ਉਨ੍ਹਾਂ ਦਾ ਮਤਲਬ ਹੈ ਪੂੰਜੀਵਾਦੀ ਮੰਡੀਆਂ ਲਈ ਆਜ਼ਾਦੀ, ਜਿੱਥੇ ਕੀਮਤ ਦਾ ਮਾਪ ਪੈਸਾ ਹੈ, ਜਿੱਥੇ ਕੋਈ ਵੀ ਮੁਨਾਫ਼ਾ ਕਮਾਉਣ ਵਾਲਾ ਪੈਸੇ ਨੂੰ ਪੂੰਜੀ ਵਜੋਂ ਜਮ੍ਹਾਂ ਕਰ ਸਕਦਾ ਹੈ ਤੇ ਪੂੰਜੀ ਦਾ ਮਾਲਕ ਆਪਣੀ ਮਰਜ਼ੀ ਮੁਤਾਬਿਕ ਇਸ ਨੂੰ ਵਰਤ ਸਕਦਾ ਹੈ। ਇਸ ਪੂੰਜੀ ਰਾਹੀਂ ਹੋਰ ਪੂੰਜੀ ਇਕੱਠੀ ਕਰਨ ਦਾ ਵੀ ਉਸ ਨੂੰ ਹੱਕ ਹੈ।
ਬਾਜ਼ਾਰ ਦਾ ਕੀ ਹਾਲ ਹੈ? ਪੂੰਜੀਵਾਦੀ ਦਾਇਰੇ ’ਚ ਇਸ ਸਵਾਲ ਦਾ ਜਵਾਬ ਹੋਵੇਗਾ ਕਿ ਲੰਘੀ ਰਾਤ ਡਾਓ ਜੋਨਸ, ਨੈਸਡੈਕ ਤੇ ਸੈਂਸੈਕਸ ਦੀ ਕਾਰਗੁਜ਼ਾਰੀ ਕਿਵੇਂ ਰਹੀ। ਭਾਰਤ ਵਿੱਚ ਅੱਸੀਵਿਆਂ ’ਚ ਬਾਜ਼ਾਰ ਦਾ ਦਾਇਰਾ ਬਹੁਤ ਛੋਟਾ ਸੀ ਜਿਸ ਵਿੱਚ ਜਿ਼ਆਦਾਤਰ ਮੁੰਬਈ ਦੇ ਸ਼ੇਅਰ ਦਲਾਲ ਸਨ, ਉਨ੍ਹਾਂ ਲਈ ਬੰਬਈ ਸਟਾਕ ਐਕਸਚੇਂਜ (ਬੀਐੱਸਈ) ਹੀ ਬਾਜ਼ਾਰ ਸੀ। 1990ਵਿਆਂ ਦੀ ਸ਼ੁਰੂਆਤ ਵਿੱਚ ਜਦੋਂ ਭਾਰਤ ਦੇ ਦਰ ਵਿਦੇਸ਼ੀ ਪੂੰਜੀ ਤੇ ਪੂੰਜੀਵਾਦ ਦੇ ਅਮਰੀਕੀ ਵਿਚਾਰਾਂ ਲਈ ਖੋਲ੍ਹ ਦਿੱਤੇ ਗਏ ਤਾਂ ਭਾਰਤ ਵਿੱਚ ਵਿੱਤੀ ਖੇਤਰ ਦੇ ਪੇਸ਼ੇਵਰਾਂ ਦੀਆਂ ਨਵੀਆਂ ਨਸਲਾਂ ਦਾ ਵੀ ਵਿਸਤਾਰ ਹੋਇਆ: ਵੈਂਚਰ ਕੈਪੀਟਲਿਸਟ, ਇਨਵੈਸਟਮੈਂਟ ਬੈਂਕਰ ਤੇ ਵਿੱਤੀ ਸਲਾਹਕਾਰ। ਬੰਗਲੁਰੂ ਤੇ ਗੁਰੂਗ੍ਰਾਮ ਦੇ ਰੂਪ ਵਿੱਚ ਉਨ੍ਹਾਂ ਨੂੰ ਗਾਹਕਾਂ ਦੀ ਨਿਰੰਤਰ ਫੈਲਦੀ ਹੋਈ ਮਾਰਕੀਟ ਮਿਲੀ। ਪੂੰਜੀਵਾਦੀ ਬਾਜ਼ਾਰਾਂ ਦੇ ਫੈਲਾਓ ਦੇ ਨਾਲ-ਨਾਲ ਸ਼ੇਅਰ ਬਾਜ਼ਾਰਾਂ ਦੇ ਉੱਪਰ ਹੇਠਾਂ ਹੁੰਦੇ ਗਰਾਫ਼ ਫੈਸ਼ਨ ਵਾਂਗ ਕਾਰੋਬਾਰੀ ਮੀਡੀਆ ਦਾ ਹਿੱਸਾ ਬਣ ਗਏ ਤੇ ਸਮਾਜਿਕ ਮੁੱਦੇ ਵੀ ਇਸ ਦੀ ਜ਼ੱਦ ਵਿੱਚ ਆ ਗਏ।
ਮੰਡੀ ਪੁਰਾਤਨ ਵਿਚਾਰ ਹੈ। ਸਦੀਆਂ ਪਹਿਲਾਂ ਆਧੁਨਿਕ ਸ਼ੇਅਰ ਬਾਜ਼ਾਰ ਤੇ ਵਿੱਤੀ ਲੈਣ-ਦੇਣ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਮੰਡੀਆਂ ’ਚ ਕਈ ਵਸਤਾਂ ਦਾ ਵਣਜ-ਵਪਾਰ ਕਰਦੇ ਸਨ। ਉਹ ਆਪਣੀ ਉਪਜ, ਆਪਣੇ ਕੰਮ ਤੇ ਅਜਿਹੀਆਂ ਕਈ ਚੀਜ਼ਾਂ ਦਾ ਵਪਾਰ ਕਰਦੇ ਸਨ ਜੋ ਪੈਸੇ ਨਾਲ ਨਹੀਂ ਖ਼ਰੀਦੀਆਂ ਜਾ ਸਕਦੀਆਂ। ਇਨ੍ਹਾਂ ਵਪਾਰਕ ਰਿਸ਼ਤਿਆਂ ਵਿੱਚ ਮੁੱਲ ਦਾ ਲੈਣ-ਦੇਣ ਹੁੰਦਾ ਸੀ ਤੇ ਸਾਰੇ ਮਾਮਲਿਆਂ ਵਿੱਚ ਪੈਸਾ ਹੀ ਕਰੰਸੀ ਨਹੀਂ ਹੁੰਦਾ ਸੀ, ਜਿਵੇਂ ਫਿਲਾਸਫਰ ਕੋਜਿਨ ਕਰਾਤਾਨੀ ਨੇ ‘ਵਿਸ਼ਵ ਇਤਿਹਾਸ ਦਾ ਢਾਂਚਾ: ਉਤਪਾਦਨ ਦੇ ਮਾਧਿਅਮਾਂ ਤੋਂ ਵਟਾਂਦਰੇ ਦੇ ਮਾਧਿਅਮਾਂ ਤੱਕ’ ਵਿੱਚ ਬਿਆਨ ਕੀਤਾ ਹੈ।
ਸਮਾਜਿਕ ਤੇ ਆਰਥਿਕ ਸੰਸਥਾਵਾਂ ਨੂੰ ਖੜ੍ਹਵੇਂ ਰੁਖ਼ (ਵਰਟੀਕਲ) ਅਤੇ ਲੇਟਵੇਂ ਰੁਖ਼ (ਹੌਰੀਜ਼ੌਂਟਲ) ਢਾਂਚਿਆਂ ਨਾਲ ਸਾਜਿਆ ਹੁੰਦਾ ਹੈ। ਸੱਤਾ ਨਾਲ ਜੁੜੇ ਰਿਸ਼ਤੇ ਖੜ੍ਹਵੇਂ ਹਨ। ਪਿੱਤਰਾਂ, ਰਾਜੇ-ਮਹਾਰਾਜਿਆਂ, ਤਾਨਾਸ਼ਾਹਾਂ, ਕਾਰਪੋਰੇਸ਼ਨਾਂ ਦੇ ਮੁਖੀਆਂ ਤੇ ਇੱਥੋਂ ਤੱਕ ਕਿ ਚੁਣੀਆਂ ਸਰਕਾਰਾਂ ਦੇ ਮੁਖੀਆਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਅਧਿਕਾਰ ਖੇਤਰ ’ਚ ਵਿਵਸਥਾ ਕਾਇਮ ਰੱਖਣ। ਕਿਸੇ ਰਾਜ ਦੀ ਤਾਕਤ ਪ੍ਰਜਾ ਤੇ ਉਸ ਦੇ ਸ਼ਾਸਕਾਂ ਦਰਮਿਆਨ ਹੁੰਦੇ ਤਬਾਦਲੇ ਉੱਤੇ ਨਿਰਭਰ ਹੈ: ਸ਼ਾਸਕਾਂ ਪ੍ਰਤੀ ਆਗਿਆਕਾਰੀ ਰਹਿਣ ’ਤੇ ਪ੍ਰਜਾ ਨੂੰ ਬਦਲੇ ’ਚ ਸ਼ਾਂਤੀ ਤੇ ਵਿਵਸਥਾ ਮਿਲਦੀ ਹੈ। ਲੇਟਵੇਂ ਪਹਿਲੂ ਵਿੱਚ ਸਮਾਜ ਦੇ ਮੈਂਬਰਾਂ ਵਿਚਾਲੇ ਆਪਸੀ ਵਟਾਂਦਰਾ ਹੁੰਦਾ ਹੈ। ਵਪਾਰ ਖੜ੍ਹਵਾਂ ਢਾਂਚਾ ਹੈ। ਲੋਕ ਆਪਣੇ ਪਰਿਵਾਰਾਂ, ਫਿ਼ਰਕਿਆਂ ਤੇ ਸਮਾਜ ਵਿੱਚ ਆਪਸ ’ਚ ਕਈ ਚੀਜ਼ਾਂ ਦਾ ਵਪਾਰ ਕਰਦੇ ਹਨ।
ਗਿਣਾਤਮਕ ਅਰਥ ਸ਼ਾਸਤਰੀਆਂ ਲਈ ਹਰ ਚੀਜ਼ ਦੀ ਮਾਇਕ ਕੀਮਤ ਹੋਣੀ ਲਾਜ਼ਮੀ ਹੈ ਤਾਂ ਹੀ ਉਹ ਆਪਣੇ ਗਣਿਤ ਦੇ ਸਮੀਕਰਨਾਂ ਮੁਤਾਬਿਕ ਇਸ ਦੀ ਗਿਣਤੀ ਕਰ ਸਕਣਗੇ। ਹੋਰ ਕੋਈ ਵੀ ਚੀਜ਼ ਭਾਵੇਂ ਉਹ ਖ਼ਰੀ ਹੀ ਹੋਵੇ, ਜਿਵੇਂ ਸਮਾਜੀ ਤੇ ਸਿਆਸੀ ਤਾਕਤ ਦੇ ਸਰੋਤ ਜਿਨ੍ਹਾਂ ਨੂੰ ਸਹੀ-ਸਹੀ ਗਿਣਿਆ-ਮਿਣਿਆ ਨਹੀਂ ਜਾ ਸਕਦਾ, ਉਨ੍ਹਾਂ ਨੂੰ ਇਹ ਅਰਥ ਸ਼ਾਸਤਰੀ ਆਪਣੇ ਗਣਿਤ ਦੇ ਮਾਡਲਾਂ ਵਿੱਚੋਂ ਚੰਗੇ ਅਰਥ ਸ਼ਾਸਤਰ ’ਚ ਪਿਆ ਵਿਘਨ ਦੱਸ ਕੇ ਬਾਹਰ ਕੱਢ ਦਿੰਦੇ ਹਨ।
ਨੋਬੇਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਐਂਗਸ ਡੀਟਨ ਨੇ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਵੱਲੋਂ ਹਾਲ ਹੀ ’ਚ ਪ੍ਰਕਾਸ਼ਿਤ ਖੋਜ ਪੱਤਰ ਵਿੱਚ ਇਸ ਨੂੰ ਇੱਕੀਵੀਂ ਸਦੀ ਦੇ ਅਰਥ ਸ਼ਾਸਤਰੀਆਂ ਦੀ ਦੁਬਿਧਾ ਕਰਾਰ ਦਿੱਤਾ ਹੈ। ਆਪਣੇ ਸਾਥੀ ਅਰਥ ਸ਼ਾਸਤਰੀਆਂ ਬਾਰੇ ਆਲੋਚਨਾਤਮਕ ਪੱਖ ਤੋਂ ਉਨ੍ਹਾਂ ਕਿਹਾ, “ਅਸੀਂ ਅਕਸਰ ਆਪਣੇ ਆਪ ਨੂੰ ਜਿ਼ਆਦਾ ਹੀ ਸਹੀ ਮੰਨ ਕੇ ਬੈਠੇ ਹੁੰਦੇ ਹਾਂ। ਅਰਥ ਸ਼ਾਸਤਰ ਕੋਲ ਅਜਿਹੇ ਤਾਕਤਵਰ ਸਾਧਨ ਹਨ ਜੋ ਸਪੱਸ਼ਟ ਜਵਾਬ ਦੇ ਸਕਦੇ ਹਨ, ਉਸ ਲਈ ਅਜਿਹੀਆਂ ਧਾਰਨਾਵਾਂ ਦੀ ਲੋੜ ਹੈ ਜੋ ਸਾਰੀਆਂ ਹਾਲਤਾਂ ਵਿੱਚ ਪ੍ਰਮਾਣਿਕ ਨਾ ਹੋਣ। ਕਿੱਤਾ ਕਈ ਚੀਜ਼ਾਂ ਜਾਣਦਾ ਤੇ ਸਮਝਦਾ ਹੈ। ਉਂਝ, ਇਸ ਦੇ ਬਾਵਜੂਦ ਅੱਜ ਅਸੀਂ ਕਿਸੇ ਤਰ੍ਹਾਂ ਦੀ ਬੇਤਰਤੀਬੀ ’ਚ ਉਲਝ ਗਏ ਹਾਂ। ਅਸੀਂ ਮਿਲ-ਜੁਲ ਕੇ ਵੀ ਆਰਥਿਕ ਸੰਕਟ ਦਾ ਅਨੁਮਾਨ ਨਹੀਂ ਲਾ ਸਕੇ, ਇਸ ਤੋਂ ਵੀ ਬਦਤਰ ਹਾਲੇ ਤੱਕ, ਅਸੀਂ ਸ਼ਾਇਦ ਬਾਜ਼ਾਰਾਂ ਖ਼ਾਸ ਤੌਰ ’ਤੇ ਵਿੱਤੀ ਬਾਜ਼ਾਰਾਂ ਦੀ ਸਮਰੱਥਾ ’ਚ ਲੋੜੋਂ ਵੱਧ ਉਤਸ਼ਾਹ ਦਿਖਾ ਕੇ ਇਸ ਸੰਕਟ ਵਿੱਚ ਹੋਰ ਯੋਗਦਾਨ ਹੀ ਪਾਇਆ ਹੈ, ਵਿੱਤੀ ਬਾਜ਼ਾਰਾਂ ਦੇ ਢਾਂਚੇ ਤੇ ਪ੍ਰਭਾਵਾਂ ਨੂੰ ਅਸੀਂ ਉਸ ਪੱਧਰ ਤੱਕ ਹਾਲੇ ਨਹੀਂ ਸਮਝ ਸਕੇ ਹਾਂ ਜਿੰਨਾ ਸਾਨੂੰ ਲੱਗਦਾ ਹੈ।”
ਆਧੁਨਿਕ ਕਾਰਪੋਰੇਸ਼ਨਾਂ ਦਾ ਢਾਂਚਾ ਨਿਵੇਸ਼ਕਾਂ ਨੂੰ ਵੱਧ ਤੋਂ ਵੱਧ ਮੁਨਾਫ਼ਾ ਦੇਣ ਦੇ ਮੰਤਵ ਤਹਿਤ ਵਿਉਂਤਿਆ ਗਿਆ ਹੈ। ਇਹ ਆਪਣੀਆਂ ਕਾਰਵਾਈਆਂ ਦੇ ਸਿੱਟਿਆਂ ਲਈ ਸਮਾਜ ਤੇ ਵਾਤਾਵਰਨ ਪ੍ਰਤੀ ਸੀਮਤ ਤੌਰ ’ਤੇ ਕਾਨੂੰਨਨ ਜਵਾਬਦੇਹ ਹਨ। ਵੱਧ ਤੋਂ ਵੱਧ ਨਿਵੇਸ਼ਕਾਂ ਨੂੰ ਖਿੱਚਣ ਲਈ ਹੋੜ ਵਿਚ ਰੁੱਝੀਆਂ ਸਰਕਾਰਾਂ ਨੇ ਕਾਰਪੋਰੇਟ ਕੰਪਨੀਆਂ ਨੂੰ ਬਿਨਾਂ ਸਮਾਜਿਕ ਸੁਰੱਖਿਆ ਤੋਂ ਵਰਕਰਾਂ ਨੂੰ ਘੱਟ ਮਿਆਦ ਦੇ ਕੰਟਰੈਕਟ ਉੱਤੇ ਰੱਖਣ ਦੀ ਇਜਾਜ਼ਤ ਦੇ ਕੇ ਤੇ ਯੂਨੀਅਨਾਂ ਨੂੰ ਕਮਜ਼ੋਰ ਕਰ ਕੇ ਉਨ੍ਹਾਂ ਲਈ ਵੱਧ ਤੋਂ ਵੱਧ ਲਾਭ ਕਮਾਉਣ ਦਾ ਰਾਹ ਸੌਖਾ ਕਰ ਦਿੱਤਾ ਹੈ। ਮੁਨਾਫ਼ੇ ਲਈ ਜਨਤਕ ਜ਼ਮੀਨਾਂ ਨੂੰ ਕਾਰਪੋਰੇਟ ਸੰਪਤੀਆਂ ’ਚ ਤਬਦੀਲ ਕੀਤਾ ਜਾ ਰਿਹਾ ਹੈ। ਵਿੱਤੀ ਸਮਰੱਥਾ ਵਧਾਉਣ ਖਾਤਰ ਔਰਤਾਂ ਨੂੰ ਪਰਿਵਾਰਾਂ ਨਾਲੋਂ ਤੋੜ ਕੇ ਫੈਕਟਰੀਆਂ ਵਿੱਚ ਰੱਖਿਆ ਜਾ ਰਿਹਾ ਹੈ। ਜੀਡੀਪੀ ਵਧ ਰਹੀ ਹੈ ਪਰ ਵਾਤਾਵਰਨ ਤੇ ਸਮਾਜ ਕਸ਼ਟ ਝੱਲ ਰਿਹਾ ਹੈ।
ਸਾਨੂੰ ਇਹ ਸਿੱਖਣ ਦੀ ਲੋੜ ਹੈ ਕਿ ਦੂਜਿਆਂ ਦਾ ਖਿਆਲ ਰੱਖਣ ਦੀ ਭਾਵਨਾ ਦੀ ਕਦਰ ਕਿਵੇਂ ਕਰਨੀ ਹੈ। ਇਹ ਸ਼ਰਮਨਾਕ ਹੈ ਕਿ ਹੇਠਲੇ ਪੱਧਰ ’ਤੇ ਲੋਕਾਂ ਦੀ ਦੇਖ ਭਾਲ ਕਰਨ ਵਾਲੇ ਆਸ਼ਾ (ਐਕ੍ਰੈਡਿਟਡ ਸੋਸ਼ਲ ਹੈਲਥ ਐਕਟਿਵਿਸਟ) ਅਤੇ ਆਂਗਣਵਾੜੀ ਵਰਕਰਾਂ ਨੂੰ ਮਾਮੂਲੀ ਤਨਖ਼ਾਹ ਦਿੱਤੀ ਜਾਂਦੀ ਹੈ ਅਤੇ ਇਸੇ ਤਰ੍ਹਾਂ ਘਰੇਲੂ ਕਾਮਿਆਂ ਜਿਨ੍ਹਾਂ ਵਿਚ ਆਮ ਤੌਰ ’ਤੇ ਔਰਤਾਂ ਹੁੰਦੀਆਂ ਹਨ, ਨੂੰ ਕੋਈ ਸਮਾਜਿਕ ਸੁਰੱਖਿਆ ਨਹੀਂ ਮਿਲਦੀ ਤੇ ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ।
ਸਾਰੀਆਂ ਸੰਸਥਾਵਾਂ ਦਾ ਸਮਾਜਿਕ ਖਾਸਾ ਹੁੰਦਾ ਹੈ ਤੇ ਇਨ੍ਹਾਂ ਵਾਸਤੇ ਖੜ੍ਹਵੀਆਂ ਅਤੇ ਲੇਟਵੀਆਂ/ਕਾਟਵੀਆਂ ਤੰਦਾਂ ਦਰਕਾਰ ਹੁੰਦੀਆਂ ਹਨ ਤਾਂ ਕਿ ਇਨ੍ਹਾਂ ਨੂੰ ਆਪੋ ਵਿਚ ਗੁੰਦ ਕੇ ਸਮਾਜ ਦੇ ਤਾਣੇ ਨੂੰ ਮਜ਼ਬੂਤ ਬਣਾਇਆ ਜਾ ਸਕੇ। ਸ਼ਾਸਕ (ਚੁਣਿਆ ਹੋਇਆ ਹੋਵੇ ਜਾਂ ਤਾਨਾਸ਼ਾਹ) ਅਤੇ ਨਾਗਰਿਕਾਂ ਵਿਚਕਾਰ ਸਬੰਧਾਂ ਦੇ ਖੜ੍ਹਵੇਂ ਢਾਂਚੇ ਹੁੰਦੇ ਹਨ। ਲੋਕਾਂ ਦਰਮਿਆਨ ਲੁਕਵੇਂ ਸਬੰਧ ਕਾਟਵੇਂ ਕਿਸਮ ਦੇ ਹੁੰਦੇ ਹਨ। ਜਦੋਂ ਕਾਟਵੇਂ ਢਾਂਚੇ ਕਮਜ਼ੋਰ ਪੈਂਦੇ ਹਨ ਅਤੇ ਤਾਣੇ ਵਿੱਚ
ਤਣਾਅ ਆ ਜਾਂਦਾ ਹੈ ਤਾਂ ਨਾਗਰਿਕ ਹਰ ਸ਼ਖ਼ਸ ਅਤੇ ਚੀਜ਼ ਨੂੰ ਇਕੱਠਾ ਰੱਖਦੇ ਹਨ।
ਪੀਊ ਰਿਸਰਚ ਸੈਂਟਰ ਨੇ ਇਹ ਪਤਾ ਕਰਨ ਲਈ 2023 ਵਿਚ ਕਈ ਦੇਸ਼ਾਂ ਵਿਚ ਸਰਵੇਖਣ ਕਰਵਾਇਆ ਕਿ ਕਿੰਨੇ ਲੋਕ ਬਹੁ-ਪਾਰਟੀ ਲੋਕਤੰਤਰ ਨਾਲੋਂ ਨਿਰੰਕੁਸ਼ ਹਾਕਮਾਂ ਦੀ ਤਵੱਕੋ ਰੱਖਦੇ ਹਨ। ਤਾਨਾਸ਼ਾਹਾਂ ਨੂੰ ਚਾਹੁਣ ਵਾਲਿਆਂ ਦੀ ਸੰਖਿਆ ਦੇਖ ਕੇ ਲੋਕਰਾਜੀ ਧਿਰਾਂ ਨੂੰ ਮਾਯੂਸੀ ਹੋਵੇਗੀ। ਵਿਕਾਸਸ਼ੀਲ ਮੁਲਕਾਂ ਦੇ ਸਮੂਹ ਗਲੋਬਲ ਸਾਊਥ ਵਿੱਚ ਸਭ ਤੋਂ ਉੱਪਰ ਭਾਰਤ (85 ਫ਼ੀਸਦ) ਅਤੇ ਇਸ ਤੋਂ ਬਾਅਦ ਇੰਡੋਨੇਸ਼ੀਆ (77 ਫ਼ੀਸਦ), ਦੱਖਣੀ ਅਫਰੀਕਾ (66 ਫ਼ੀਸਦ) ਅਤੇ ਬ੍ਰਾਜ਼ੀਲ (57 ਫ਼ੀਸਦ) ਆਉਂਦੇ ਹਨ। ਵਿਕਸਤ ਦੇਸ਼ਾਂ ਵਿੱਚੋਂ ਬਰਤਾਨੀਆ ਵਿੱਚ 37 ਫ਼ੀਸਦ, ਅਮਰੀਕਾ ਵਿੱਚ 32 ਫ਼ੀਸਦ ਅੰਕੜਾ ਵੀ ਘੱਟ ਅਹਿਮ ਨਹੀਂ ਹੈ। ਚੀਨ ਅਤੇ ਰੂਸ ਵਿੱਚ ਇਹ ਸਰਵੇਖਣ ਨਹੀਂ ਕਰਵਾਇਆ ਗਿਆ ਸੀ। ਅਸਥਿਰਤਾ ਦੇ ਸਮਿਆਂ ਵਿੱਚ ਲੋਕ ਸਥਿਰਤਾ ਦੀ ਤਵੱਕੋ ਕਰਦੇ ਹਨ। ਉਹ ਤਾਂਤਰਿਕਾਂ, ਤਾਨਾਸ਼ਾਹਾਂ ਅਤੇ ਧਨਾਢ ਤਕਨਾਲੋਜੀਵਾਦੀਆਂ ਦੇ ਪਿੱਛੇ ਚਲਦੇ ਹਨ ਕਿਉਂਕਿ ਉਹ ਦਾਅਵਾ ਕਰਦੇ ਹਨ ਕਿ ਉਹ ਸਚਾਈ ਜਾਣਦੇ ਹਨ ਅਤੇ ਇਸ ਨੂੰ ਲਾਗੂ ਕਰਨ ਦੀ ਤਾਕਤ ਉਨ੍ਹਾਂ ਕੋਲ ਹੈ। ਜਮਹੂਰੀ ਦੇਸ਼ਾਂ ਦੇ ਨਾਗਰਿਕਾਂ ਨੇ ਆਪਣੀਆਂ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਵਿਚ ਭਰੋਸਾ ਗੁਆ ਲਿਆ ਹੈ। ਔਸਤਨ ਆਮਦਨ ਵਧ ਸਕਦੀ ਹੈ ਪਰ ਬਹੁਤ ਜਿ਼ਆਦਾ ਅਮੀਰ ਲੋਕ ਹੋਰ ਤੇਜ਼ੀ ਨਾਲ ਅਮੀਰ ਹੋ ਰਹੇ ਹਨ।
ਦੁਨੀਆ ਨੂੰ ਮੁਕਾਬਲੇਬਾਜ਼ੀ ਘੱਟ ਸਗੋਂ ਇੱਕ ਦੂਜੇ ਦੀ ਦੇਖ ਭਾਲ ਕਰਨ ਦੇ ਭਾਵ ਦੀ ਜਿ਼ਆਦਾ ਲੋੜ ਹੈ। ਕਾਰੋਬਾਰੀ ਕਾਰਪੋਰੇਸ਼ਨਾਂ ਅਤੇ ਫ਼ੌਜਾਂ ਦਾ ਮੰਤਵ ਵੱਧ ਤੋਂ ਵੱਧ ਮੁਨਾਫ਼ਾ ਕਮਾਉਣਾ ਅਤੇ ਤਾਕਤ ਇਕੱਤਰ ਕਰਨਾ ਹੈ। ਦੁਨੀਆ ਦੇ ਹਾਲਾਤ ਸਭ ਲਈ ਤਦੇ ਬਿਹਤਰ ਹੋਣਗੇ ਜਦੋਂ ਇਨ੍ਹਾਂ ਨੂੰ ਚਲਾਉਣ ਵਾਲੀਆਂ ਸੰਸਥਾਵਾਂ ਦਾ ਮਨੋਰਥ ਸਹਿਯੋਗੀ ਹੋਵੇਗਾ, ਮੁਕਾਬਲੇਬਾਜ਼ੀ ਵਾਲਾ ਨਹੀਂ। ਔਰਤਾਂ ਸੁਭਾਵਿਕ ਤੌਰ ’ਤੇ ਪਰਿਵਾਰਾਂ ਦਾ ਨਿਰਮਾਣ ਕਰਨ ਵਾਲੀਆਂ ਹੁੰਦੀਆਂ ਹਨ; ਪੁਰਸ਼ਾਂ ਦਾ ਪਾਲਣ ਪੋਸ਼ਣ ਮੁਕਾਬਲੇਬਾਜ਼ੀ ਲਈ ਕੀਤਾ ਜਾਂਦਾ ਹੈ। ਔਰਤਾਂ ਨੂੰ ਪੁਰਸ਼ਾਂ ਵਾਂਗ ਸੋਚਣ, ਫ਼ੌਜ ਵਿੱਚ ਭਰਤੀ ਹੋਣ ਅਤੇ ਕਾਰਪੋਰੇਸ਼ਨਾਂ ਅੰਦਰ ਦਰਜਾਬੰਦੀਆਂ ਵਿਚ ਉਨ੍ਹਾਂ ਨਾਲ ਆਢਾ ਲੈਣ ਦੀ ਜਾਚ ਸਿਖਾਉਣ ਦੀ ਬਜਾਇ ਪੁਰਸ਼ਾਂ ਨੂੰ ਔਰਤਾਂ ਕੋਲੋਂ ਦੂਜੇ ਦਾ ਖਿਆਲ ਰੱਖਣ ਦਾ ਵੱਲ ਸਿੱਖਣ ਦੀ ਲੋੜ ਹੈ, ਤਦ ਹੀ ਦੁਨੀਆ ਨੂੰ ਸਭਨਾਂ ਲਈ ਬਿਹਤਰ ਬਣਾਇਆ ਜਾ ਸਕਦਾ ਹੈ।
*ਲੇਖਕ ਯੋਜਨਾ ਕਮਿਸ਼ਨ ਦਾ ਸਾਬਕਾ ਮੈਂਬਰ ਹੈ।