ਵਿਦਿਆਰਥੀਆਂ ਦਾ ਮਾਨਸਿਕ ਸੰਤੁਲਨ ਅਤੇ ਨਤੀਜੇ
ਸ਼ਰਦ ਐੱਸ ਚੌਹਾਨ
ਅਠਾਰਾਂ ਸਾਲਾਂ ਦੀ ਇੱਕ ਲੜਕੀ ਵੱਲੋਂ ਆਪਣੇ ਖ਼ੁਦਕੁਸ਼ੀ ਨੋਟ ’ਚ ਲਿਖੇ ਸ਼ਬਦ ਕਿੰਨੇ ਖੌਫ਼ਨਾਕ ਹਨ- ‘‘ਮੰਮੀ, ਪਾਪਾ ਮੈਂ ਜੇਈਈ ਨਹੀਂ ਕਰ ਸਕਦੀ। ਇਸ ਲਈ ਮੈਂ ਖ਼ੁਦਕੁਸ਼ੀ ਕਰ ਲਈ, ਮੈਂ ਹਾਰ ਗਈ ਹਾਂ। ਮੈਂ ਬਹੁਤ ਮਾੜੀ ਧੀ ਹਾਂ। ਮੈਨੂੰ ਮੁਆਫ਼ ਕਰ ਦਿਓ, ਮੰਮੀ ਪਾਪਾ। ਮੇਰੇ ਕੋਲ ਇਹੀ ਆਖ਼ਰੀ ਰਾਹ ਬਚਿਆ ਹੈ।’’ ਇਨ੍ਹਾਂ ਸ਼ਬਦਾਂ ’ਚੋਂ ਇੱਕ ਕਠੋਰ ਹਕੀਕਤ ਝਲਕਦੀ ਹੈ। ਸਕੂਲੀ ਪ੍ਰੀਖਿਆਵਾਂ ਤੇ ਦਾਖਲਾ ਪ੍ਰੀਖਿਆ ਦੇ ਨਤੀਜੇ ਆਉਣ ਦੇ ਨਾਲ ਹੀ, ਅਸੀਂ ਲਾਜ਼ਮੀ ਤੌਰ ’ਤੇ ਵਿਦਿਆਰਥੀ ਪੀੜਾ ਦੇ ਉਸ ਜਾਣੇ-ਪਛਾਣੇ ਸੰਕਟ ਵੱਲ ਵਧਦੇ ਜਾਂਦੇ ਹਾਂ, ਜਿਸ ਦਾ ਸਭ ਤੋਂ ਭਿਆਨਕ ਸਿੱਟਾ ਖ਼ੁਦਕੁਸ਼ੀ ਦੇ ਰੂਪ ’ਚ ਸਾਡੇ ਸਾਹਮਣੇ ਆਉਂਦਾ ਹੈ।
ਇੱਕ ਵਾਰ ਫੇਰ ਅਕਾਦਮਿਕ ਕੇਂਦਰਾਂ ਦੇ ਅੱਖਾਂ ਚੁੰਧਿਆਉਣ ਵਾਲੇ ਪੋਸਟਰ, ਜਿਨ੍ਹਾਂ ’ਚ ਬੇਮਿਸਾਲ ਸਫ਼ਲਤਾ ਦੀ ਸ਼ੇਖ਼ੀ ਮਾਰੀ ਜਾਂਦੀ ਹੈ, ਵਿਦਿਆਰਥੀਆਂ ਤੇ ਮਾਪਿਆਂ ਦਾ ਬਰਾਬਰ ਧਿਆਨ ਖਿੱਚਦੇ ਹਨ। ਇਸ ਧਾਰਨਾ ਨਾਲ ਚੱਲਦੇ ਕਿ ਟਿਊਸ਼ਨ ਤੋਂ ਬਿਨਾਂ ਨਹੀਂ ਸਰੇਗਾ, ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਇਨ੍ਹਾਂ ਸੈਂਟਰਾਂ ਨੂੰ ਤਾਲੀਮ ਦੇ ਬਾਜ਼ਾਰ ਦਾ ਹੀ ਇੱਕ ਹੋਰ ਰੂਪ ਜਾਂ ਸਾਇਆ ਕਰਾਰ ਦਿੱਤਾ ਹੈ। ਪੁਣੇ ਦੀ ਇੱਕ ਸਲਾਹਕਾਰ ਫਰਮ ‘ਇਨਫਿਨੀਅਮ ਗਲੋਬਲ ਰਿਸਰਚ’ ਮੁਤਾਬਿਕ ਭਾਰਤ ਵਿਚ ਕੋਚਿੰਗ ਉਦਯੋਗ ਵਰਤਮਾਨ ’ਚ 58,088 ਕਰੋੜ ਰੁਪਏ ਦਾ ਮਾਲੀਆ ਪੈਦਾ ਕਰ ਰਿਹਾ ਹੈ। ਅਨੁਮਾਨਾਂ ਮੁਤਾਬਕ ਇਹ ਖੇਤਰ ਤੇਜ਼ੀ ਨਾਲ ਵਧੇਗਾ ਅਤੇ 2028 ਤੱਕ 1,33,995 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।
ਵਿਦਿਆਰਥੀਆਂ ਵੱਲੋਂ ਕੀਤੀ ਜਾਂਦੀ ਅਕਾਦਮਿਕ ਚੋਣ ਨੂੰ ਵਾਰ-ਵਾਰ ਨਜ਼ਰਅੰਦਾਜ਼ ਕੀਤਾ ਗਿਆ ਹੈ, ਪਹਿਲਾਂ ਜਿਹੜੀ ਚੋਣ ਡਾਕਟਰੀ ਤੇ ਇੰਜਨੀਅਰਿੰਗ ਦੋਵਾਂ ਤੱਕ ਸੀਮਤ ਸੀ, ਉਸ ਦਾ ਹੁਣ ‘ਸਟੈੱਮ’ (ਵਿਗਿਆਨ, ਤਕਨੀਕ, ਇੰਜਨੀਅਰਿੰਗ ਤੇ ਮੈਡੀਸਨ) ਦੇ ਰੂਪ ’ਚ ਵਿਸਤਾਰ ਹੋ ਚੁੱਕਾ ਹੈ। ਬੱਚਿਆਂ ਦੀ ਸਫ਼ਲਤਾ ਲਈ ਮਾਪਿਆਂ ਦੀਆਂ ਖ਼ਾਹਿਸ਼ਾਂ ਨੇ ਇੱਕ ਅਜਿਹੇ ਤੰਤਰ ਨੂੰ ਜਨਮ ਦਿੱਤਾ ਜੋ ਸ਼ਹਿਰੀ ਕੋਚਿੰਗ ਕੇਂਦਰਾਂ ਦੇ ਪ੍ਰਫੁੱਲਿਤ ਹੋਣ ਦਾ ਕਾਰਨ ਬਣਿਆ। ਜਦਕਿ, ਜਿਵੇਂ ਕਿ ਆਈਆਈਟੀਜ਼ (ਭਾਰਤ ਦੀਆਂ ਚੋਟੀ ਦੀਆਂ ਤਕਨੀਕੀ ਸੰਸਥਾਵਾਂ) ਨੂੰ ਚਲਾਉਂਦੀ ‘ਜੁਆਇੰਟ ਇੰਪਲੀਮੈਂਟੇਸ਼ਨ ਕਮੇਟੀ’ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ, ਇਸ ਦੌੜ ਨੇ ਸੰਤੁਲਨ ਵਿਗਾੜ ਦਿੱਤਾ ਹੈ। ਰਿਪੋਰਟ ’ਚ ਖੁਲਾਸਾ ਕੀਤਾ ਗਿਆ ਹੈ ਕਿ 76 ਪ੍ਰਤੀਸ਼ਤ ਤੋਂ ਵੱਧ ਵਿਦਿਆਰਥੀ ਸ਼ਹਿਰੀ ਇਲਾਕਿਆਂ ’ਚੋਂ ਆਉਂਦੇ ਹਨ ਜਿਨ੍ਹਾਂ ’ਚ ਸੂਬਾਈ ਬੋਰਡਾਂ ਦੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਹੈ। ਅਜਿਹੀ ਫ਼ਰਜ਼ੀ ਜਾਂ ਸ਼ੈਡੋ ਸਿੱਖਿਆ ਵਿਦਿਆਰਥੀਆਂ ’ਚ ਵੰਡੀਆਂ ਪਾਉਂਦੀ ਹੈ ਜਿਸ ਨਾਲ ਸਕੂਲੀ ਸਿੱਖਿਆ ਦੀ ਬਿਹਤਰੀ ’ਚ ਅੜਿੱਕੇ ਖੜ੍ਹੇ ਹੁੰਦੇ ਹਨ ਕਿਉਂਕਿ ਰੱਜੇ-ਪੁੱਜੇ ਮਾਪੇ ‘ਪਰਛਾਵੇਂ’ ਵਾਂਗ ਚੱਲਦੀਆਂ ਇਨ੍ਹਾਂ ਸੰਸਥਾਵਾਂ ਵੱਲ ਭੱਜਦੇ ਹਨ। ਨਤੀਜੇ ਵਜੋਂ, ਸਮਾਜੀ ਪੱਧਰ ’ਤੇ, ਇਸ ਨਾਲ ਮੁਕਾਬਲੇ ਵਿੱਚ ਬਰਾਬਰੀ ਦੀ ਸਥਿਤੀ ਨਹੀਂ ਰਹਿੰਦੀ।
ਰਵਾਇਤੀ ਸਕੂਲੀ ਸਿੱਖਿਆ ਨੂੰ ਪ੍ਰਾਈਵੇਟ ਕੋਚਿੰਗ ਸੰਸਥਾਵਾਂ ਦੀ ਨਕਲ ਕਰਨ ਜਾਂ ਇਨ੍ਹਾਂ ਨੂੰ ਪਹਿਲ ਦੇਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਗਿਣਤੀ ਦੇ ਹੀ ਕੁਝ ਵਿਦਿਆਰਥੀਆਂ ਵੱਲ ਧਿਆਨ ਦਿੱਤਾ ਜਾ ਸਕੇਗਾ ਜਦੋਂਕਿ ਵੱਡੀ ਗਿਣਤੀ ਵਿਦਿਆਰਥੀਆਂ ਦੀ ਅਣਦੇਖੀ ਹੋਵੇਗੀ। ਇਸ ਤਰ੍ਹਾਂ ਦੀ ਪਹੁੰਚ ਦਰਮਿਆਨੇ ਵਿਦਿਆਰਥੀਆਂ ਨੂੰ ਹੋਰ ਹਾਸ਼ੀਏ ’ਤੇ ਧੱਕ ਦੇਵੇਗੀ।
ਭਾਰਤ ਵਿੱਚ ‘ਸਟੈੱਮ’ ਸਿੱਖਿਆ ’ਚ ਮੁਕਾਬਲੇਬਾਜ਼ੀ ਬਹੁਤ ਜ਼ਿਆਦਾ ਹੈ। ਇਸ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਵੱਕਾਰੀ ਆਈਆਈਟੀਜ਼ 50 ਅਰਜ਼ੀਕਰਤਾਵਾਂ ਵਿੱਚੋਂ ਕੇਵਲ ਇੱਕ ਨੂੰ ਚੁਣਦੀਆਂ ਹਨ, ਜਦੋਂਕਿ ਹਾਰਵਰਡ 19 ਜਣਿਆਂ ’ਚੋਂ ਇੱਕ ਤੇ ਆਕਸਫੋਰਡ ਛੇ ਵਿਚੋਂ ਇੱਕ ਨੂੰ ਚੁਣ ਲੈਂਦੀ ਹੈ। ਜੇਈਈ ਤੇ ‘ਨੀਟ’ ਵਰਗੀਆਂ ਪ੍ਰੀਖਿਆਵਾਂ ਦਾ ਸਰੂਪ ਹੀ ਬੇਹੱਦ ਜਟਿਲ ਹੈ ਜਿੱਥੇ ਚੁਣ-ਚੁਣ ਕੇ ਵਿਦਿਆਰਥੀ ਲਏ ਜਾਂਦੇ ਹਨ ਅਤੇ ਇੱਕ ਅੰਕ ਘਟਣ ਦੇ ਨਾਲ ਹੀ ਵਿਦਿਆਰਥੀ ਦਾ ਰੈਂਕ ਹਜ਼ਾਰਾਂ ਨੰਬਰ ਹੇਠਾਂ ਖ਼ਿਸਕ ਜਾਂਦਾ ਹੈ। ਇਸ ਲਈ ਮਾਪੇ ਅਕਸਰ ਅਣਜਾਣੇ ਵਿੱਚ ਤੇ ਕੋਚਿੰਗ ਸੈਂਟਰ ਸਪੱਸ਼ਟ ਰੂਪ ’ਚ ਵਿਦਿਆਰਥੀਆਂ ਨੂੰ ਇੱਕ ਵਸਤੂ ਵਾਂਗ ਸਮਝਦੇ ਹਨ। ਗੁਮਰਾਹ ਹੋਏ ਮਾਪੇ ਹਾਲਾਂਕਿ ਨੇਕਨੀਅਤੀ ਨਾਲ ਆਪਣੇ ਵਿੱਤੀ ਸਰੋਤਾਂ ਦੇ ਆਧਾਰ ’ਤੇ ਬੱਚਿਆਂ ਲਈ ਨਿਵੇਸ਼ ਕਰਨ ਲਈ ਤਿਆਰ ਹੋ ਜਾਂਦੇ ਹਨ।
ਇਸ ਸਭ ਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ। ‘ਇੰਡੀਅਨ ਜਰਨਲ ਆਫ ਸਾਇਕੈਟਰੀ’ ਮੁਤਾਬਕ ਭਾਰਤ ’ਚ ਹਾਈ ਸਕੂਲ ਵਿਦਿਆਰਥੀਆਂ ’ਤੇ ਕੀਤੇ ਸਰਵੇਖਣ ਦੱਸਦੇ ਹਨ ਕਿ ਇਨ੍ਹਾਂ ’ਚ ਖ਼ੁਦਕੁਸ਼ੀ ਦੇ ਵਿਚਾਰਾਂ ਦਾ ਪ੍ਰਚਲਨ ਕਾਫੀ ਜ਼ਿਆਦਾ ਹੈ, ਜੋ ਕਿ 6 ਤੋਂ 22 ਪ੍ਰਤੀਸ਼ਤ ਤੱਕ ਹੈ। ਸਾਡਾ ਸਿੱਖਿਆ ਤੇ ਸਮਾਜੀ ਢਾਂਚਾ ਇਸ ਵਿਚਾਰ ਨੂੰ ਪਕੇਰਾ ਕਰਦਾ ਹੈ ਕਿ ਸਖ਼ਤ ਮਿਹਨਤ ਰਾਹੀਂ ਸਫ਼ਲਤਾ ਸੌਖਿਆਂ ਹੀ ਹਾਸਲ ਕੀਤੀ ਜਾ ਸਕਦੀ ਹੈ, ਤੇ ਇਸ ਤਰ੍ਹਾਂ ਇਸ ਧਾਰਨਾ ਨੂੰ ਆਮ ਕੀਤਾ ਜਾਂਦਾ ਹੈ ਕਿ ਨੌਜਵਾਨਾਂ ਨੂੰ ਆਪਣੀਆਂ ਕਥਿਤ ‘ਨਾਕਾਮੀਆਂ’ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
ਐੱਨਸੀਆਰਬੀ (ਕੌਮੀ ਅਪਰਾਧ ਰਿਕਾਰਡ ਬਿਊਰੋ) ਮੁਤਾਬਕ, 2020 ’ਚ, ਭਾਰਤ ’ਚ ਹਰੇਕ 42 ਮਿੰਟਾਂ ਵਿਚ ਇਕ ਵਿਦਿਆਰਥੀ ਨੇ ਖ਼ੁਦਕੁਸ਼ੀ ਕੀਤੀ ਹੈ, ਕੁੱਲ 34 ਖ਼ੁਦਕੁਸ਼ੀਆਂ ਰੋਜ਼ਾਨਾ ਹੋਈਆਂ ਹਨ। ਚਿੰਤਾਜਨਕ ਹੈ ਕਿ ਇਸ ਗੰਭੀਰ ਸੰਕਟ ਨੂੰ ਅਕਸਰ ਇਕ ਨਿੱਜੀ ਮਾਮਲੇ ਵਜੋਂ ਦੇਖਿਆ ਜਾਂਦਾ ਹੈ ਜੋ ਸਮਾਜ ਨੂੰ ਜ਼ਿੰਮੇਵਾਰੀ ਤੋਂ ਮੁਕਤ ਕਰਦਾ ਹੈ ਅਤੇ ਢਾਂਚਾਗਤ ਨਾਕਾਮੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। 2020 ’ਚ, ਕੁੱਲ ਖ਼ੁਦਕੁਸ਼ੀਆਂ ਵਿਚੋਂ 7 ਪ੍ਰਤੀਸ਼ਤ ਕਿਸਾਨਾਂ ਨੇ ਕੀਤੀਆਂ ਸਨ ਜਿਸ ਨੇ ਖੇਤੀ ਸੰਕਟ ਦੀ ਗੰਭੀਰਤਾ ਨੂੰ ਉਭਾਰਿਆ ਸੀ। ਫੇਰ ਵੀ, ਇਹ ਤੱਥ ਸਾਹਮਣੇ ਆਉਣ ਦੇ ਬਾਵਜੂਦ ਕਿ ਕੁੱਲ ਖ਼ੁਦਕੁਸ਼ੀਆਂ ’ਚੋਂ 8 ਪ੍ਰਤੀਸ਼ਤ ਵਿਦਿਆਰਥੀਆਂ ਦੀਆਂ ਹਨ, ਸਮਾਜ ਇਸ ਗੱਲ ਨੂੰ ਕਬੂਲਣ ’ਚ ਨਾਕਾਮ ਹੋ ਗਿਆ ਕਿ ਇਹ ਅਕਾਦਮਿਕ ਬੋਝ ਦਾ ਸੰਕੇਤ ਹੈ। ਇਹ ਨਾਕਾਮੀ ਫ਼ਿਕਰਮੰਦ ਕਰਨ ਵਾਲੀ ਹੈ ਕਿਉਂਕਿ ਸਿੱਖਿਆ ਦਾ ਮੰਤਵ ਰਾਸ਼ਟਰ-ਨਿਰਮਾਤਾਵਾਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨਾ ਹੈ। ਵਾਈਐੱਮਈਆਰ ਜਰਨਲ ਦਾ ਇਕ ਹੋਰ ਅਧਿਐਨ ਗੰਭੀਰ ਅਸਲੀਅਤ ਨੂੰ ਪ੍ਰਗਟ ਕਰਦਾ ਹੈ: 80 ਪ੍ਰਤੀਸ਼ਤ ਵਿਦਿਆਰਥੀ ਮਾਪਿਆਂ ਦੀਆਂ ਆਸਾਂ-ਉਮੀਦਾਂ ਉੱਤੇ ਖ਼ਰੇ ਉਤਰਨ ਦੇ ਦਬਾਅ ਕਾਰਨ ਤਣਾਅ ਮਹਿਸੂਸ ਕਰਦੇ ਹਨ ਜਦਕਿ 55 ਪ੍ਰਤੀਸ਼ਤ ਵਿਦਿਆਰਥੀ ਵਧੇਰੇ ਤਣਾਅ ਲਈ ਮਾਪਿਆਂ ਵੱਲੋਂ ਥੋਪੀ ਕਿਸੇ ਚੋਣ ਦਾ ਹਵਾਲਾ ਦਿੰਦੇ ਹਨ। ਇਨ੍ਹਾਂ ਲੱਭਤਾਂ ’ਚ ਮਾਪਿਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਮਝਣ ’ਚ ਰਹਿ ਗਈਆਂ ਗੰਭੀਰ ਖਾਮੀਆਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਮਾਨਸਿਕ ਤੰਦਰੁਸਤੀ ਦੀਆਂ ਚੁਣੌਤੀਆਂ ਨਾਲ ਨਜਿੱਠਣ ’ਚ ਕਾਊਂਸਲਿੰਗ ਦੀ ਕਮੀ ਵੀ ਰੜਕਦੀ ਹੈ।
ਕੋਟਾ ਦੇ ਹੋਸਟਲਾਂ ’ਚ ਸਪਰਿੰਗ ਵਾਲੇ ਪੱਖੇ ਜੋ 40 ਕਿਲੋ ਤੋਂ ਵੱਧ ਭਾਰ ਨਹੀਂ ਸਹਿ ਸਕਦੇ ਤੇ ‘ਐਂਟੀ-ਸੁਸਾਈਡ ਨੈੱਟ’ ਲੱਗਣਾ, ਵਿਦਿਆਰਥੀ ਖ਼ੁਦਕੁਸ਼ੀਆਂ ਰੋਕਣ ਲਈ ਕੀਤੀ ਗਈ ਖੋਖ਼ਲੀ ਕਾਰਵਾਈ ਨੂੰ ਉਜਾਗਰ ਕਰਦਾ ਹੈ ਜੋ ਕਿ ਬੇਦਰਦ ਤੇ ਅਣਮਨੁੱਖੀ ਹੈ। ਵਿਦਿਆਰਥੀਆਂ ’ਚ ਤਣਾਅ ਦੀ ਜੜ੍ਹ ਤੱਕ ਨਾ ਜਾਣਾ ਇੱਕ ਸਮਾਜਿਕ ਨਾਕਾਮੀ ਹੈ।
ਸੁਨਹਿਰੇ ਭਵਿੱਖ ਦੇ ਵਾਅਦੇ ਉੱਤੇ ਵਧ-ਫੁੱਲ ਰਹੇ, ਕੋਚਿੰਗ ਸੈਂਟਰ ਸਿੱਖਿਆ ਦੇ ਖੇਤਰ ’ਚ ਪ੍ਰਮੁੱਖਤਾ ਨਾਲ ਉੱਭਰੇ ਹਨ। ਫੇਰ ਵੀ, ਇਨ੍ਹਾਂ ਸੰਸਥਾਵਾਂ ਨੂੰ ਦਾਖਲਾ ਲੈਣ ਵਾਲੇ ਉਨ੍ਹਾਂ ਆਸਵੰਦ ਨੌਜਵਾਨਾਂ ਲਈ, ਹੁਣ ਪਹਿਲਾਂ ਨਾਲੋਂ ਵੀ ਵੱਧ, ਕੈਦ ਵਰਗੇ ਸਮਝਿਆ ਜਾਣ ਲੱਗਾ ਹੈ, ਜਿੱਥੇ ਉਨ੍ਹਾਂ ਦੀਆਂ ਇੱਛਾਵਾਂ, ਆਤਮਾਵਾਂ ਤੇ ਉਮੰਗਾਂ ਦਾ ਗਲ਼ ਘੁੱਟਿਆ ਜਾ ਰਿਹਾ ਹੈ।
ਫ਼ਰਜ਼ੀ ਸਿੱਖਿਆ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਫੈਲ ਚੁੱਕੀਆਂ ਹਨ। ਨੀਤੀਘਾੜਿਆਂ ਨੂੰ ਹੁਣ ਸਹਿਹੋਂਦ ਦੇ ਢੰਗ ਤਰੀਕਿਆਂ ਦੀ ਤਲਾਸ਼ ਕਰਨੀ ਪਵੇਗੀ ਅਤੇ ਟਕਰਾਅ ਦੀ ਥਾਂ ਮੇਲ ਮਿਲਾਪ ਦੀ ਅਭਿਲਾਸ਼ਾ ਕਰਨੀ ਪਵੇਗੀ। ਸਾਂਝੇਦਾਰੀਆਂ ਬਣਾਉਣ ਸਮਾਜਿਕ ਨਿਆਂ ਨੂੰ ਅਗਾਂਹ ਵਧਾਉਣ ਦੇ ਰਾਹ ਦਾ ਅਹਿਮ ਪੜੁੱਲ ਸਾਬਿਤ ਹੋ ਸਕਦਾ ਹੈ। ਕੋਚਿੰਗ ਕੇਂਦਰਾਂ ਨੂੰ ਨੇਮਬੱਧ ਕਰਨ ਲਈ ਭਾਰਤ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਸੇਧਾਂ ਉੱਤੇ ਸੂਬਿਆਂ ਵਲੋਂ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੈ। ਇਹ ਫ਼ਰਜ਼ੀ ਸਿੱਖਿਆ ਖੇਤਰ ਇੱਕ ਕਾਰੋਬਾਰੀ ਮਾਡਲ ਦੇ ਰੂਪ ਵਿੱਚ ਚੱਲ ਰਿਹਾ ਹੈ ਜਿਸ ਕਰ ਕੇ ਇਸ ਨੂੰ ਕਾਰਪੋਰੇਟ ਸਮਾਜਕ ਜ਼ਿੰਮੇਵਾਰੀ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਜਿਸ ਵਿੱਚ ਆਰਥਿਕ ਤੌਰ ’ਤੇ ਪੱਛੜੇ ਵਰਗਾਂ ਦੇ ਕਮਜ਼ੋਰ ਵਿਦਿਆਰਥੀਆਂ, ਲੜਕੀਆਂ ਅਤੇ ਪੇਂਡੂ ਪਿਛੋਕੜ ਵਾਲੇ ਬੱਚਿਆਂ ਲਈ ਰਿਆਇਤੀ ਫ਼ੀਸਾਂ ਦੀ ਵਿਵਸਥਾ ਵੀ ਸ਼ਾਮਲ ਹੋਵੇ।
ਅਧਿਆਪਕਾਂ ਅਤੇ ਮਾਪਿਆਂ ਨੂੰ ਇਹ ਮੰਨਣਾ ਪਵੇਗਾ ਕਿ ਪੇਸ਼ੇਵਰ ਅਵਸਰਾਂ ਦੀ ਕੋਈ ਕਮੀ ਨਹੀਂ ਹੈ। ਸਾਡੇ ਸੱਭਿਆਚਾਰ ਵਿਚ ਪ੍ਰੀਖਿਆਵਾਂ ਦੇ ਨਤੀਜਿਆਂ ਦੀ ਬਜਾਏ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਤਰਜੀਹ ਦੇਣ ਅਤੇ ਵਿਦਿਅਕ ਸਫ਼ਲਤਾ ਤੋਂ ਇਲਾਵਾ ਧੀਰਜ, ਦ੍ਰਿੜਤਾ ਅਤੇ ਸਬਰ ਜਿਹੀਆਂ ਖੂਬੀਆਂ ਦਾ ਸੰਚਾਰ ਕਰਨ ਨੂੰ ਤਰਜੀਹ ਦੇਣ ਦੀ ਜ਼ਰੂਰਤ ਹੈ। ਇੱਕ ਅਜਿਹੀ ਦੁਨੀਆ ਜੋ ਬਹੁਤ ਹੀ ਸਖ਼ਤ ਪ੍ਰੀਖਿਆ ਸਾਬਿਤ ਹੋ ਸਕਦੀ ਹੈ, ਵਿੱਚ ਹਰੇਕ ਨੌਜਵਾਨ ਨੂੰ ਇੱਕ ਮਜ਼ਬੂਤ ਸਹਾਇਕ ਪ੍ਰਣਾਲੀ ਦੀ ਲੋੜ ਪੈਂਦੀ ਹੈ। ਉਨ੍ਹਾਂ ਨੂੰ ਇਸ ਗੱਲ ਦੇ ਧਾਰਨੀ ਬਣਾਉਣ ਦੀ ਲੋੜ ਹੈ ਕਿ ਖ਼ੁਦਕੁਸ਼ੀ ਕਦੇ ਕੋਈ ਹੱਲ ਨਹੀਂ ਹੋ ਸਕਦੀ, ਖ਼ਾਸਕਰ ਉਦੋਂ ਜਦੋਂ ਸਾਰੀਆਂ ਪ੍ਰਣਾਲੀਆਂ ਇਸ ਢੰਗ ਨਾਲ ਵਿਰੋਧਭਾਸੀ ਰੂਪ ਵਿਚ ਘੜੀਆਂ ਗਈਆਂ ਹਨ ਤਾਂ ਕਿ ਉਨ੍ਹਾਂ ਨੂੰ ਚੁਣਿਆ ਨਾ ਜਾਵੇ ਸਗੋਂ ਰੱਦ ਕੀਤਾ ਜਾਵੇ। ਇਸ ਭਖਵੇਂ ਮੁੱਦੇ ਨੂੰ ਮੁਖਾਤਬ ਹੋਣ ਲਈ ਪ੍ਰੇਸ਼ਾਨ ਵਿਦਿਆਰਥੀਆਂ ਲਈ ਵੱਖ ਵੱਖ ਮਾਹਿਰਾਨਾ ਸੇਵਾਵਾਂ ਦੀਆਂ ਹੈਲਪਲਾਈਨਾਂ ਸਥਾਪਿਤ ਕਰਨਾ ਇਕ ਅਹਿਮ ਸ਼ੁਰੂਆਤੀ ਨੁਕਤਾ ਹੋ ਸਕਦਾ ਹੈ।
ਸੱਚੀ ਖੁਸ਼ੀ ਲਈ ਸਾਡੀਆਂ ਗਹਿਰੀਆਂ ਇੱਛਾਵਾਂ ਦੀ ਪੈਰਵੀ ਕਰਦਿਆਂ ਐਪੀਕੁਰਸ ਦੇ ਵਿਸ਼ਵਾਸ ਤੋਂ ਲੈ ਕੇ ਵਿਸ਼ਵ ਭਾਰਤੀ ਵਿੱਚ ਰਾਬਿੰਦਰਨਾਥ ਟੈਗੋਰ ਦੇ ਇਸ ਕਥਨ ਕਿ ‘ਕੋਈ ਵੀ ਯਤਨ ਬਿਰਥਾ ਨਹੀਂ ਹੁੰਦਾ’ ਤੱਕ -ਇਸ ਸੰਕਟ ਦੀ ਨਿਸ਼ਾਨਦੇਹੀ ਕਰਨ, ਪ੍ਰਵਾਨ ਕਰਨ ਅਤੇ ਇਸ ਦੇ ਹੱਲ ਲਈ ਫ਼ੌਰੀ ਸਮਾਜਿਕ ਕਾਰਵਾਈ ਜ਼ਰੂਰੀ ਹੈ।
*ਲੇਖਕ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਡੀਜੀਪੀ ਤੇ ਐਮਡੀ ਹਨ।